ਭਾਰਤ ਦੀ ਨਿਸ਼ਾ ਦਹੀਆ ਨੇ ਪੈਰਿਸ ਓਲੰਪਿਕ ਵਿੱਚ 68 ਕਿਲੋ ਮਹਿਲਾ ਕੁਸ਼ਤੀ ਵਰਗ ਵਿੱਚ ਬੇਹਤਰੀਨ ਪ੍ਰਦਰਸ਼ਨ ਨਾਲ ਸ਼ੁਰੂਆਤ ਕੀਤੀ। ਨਿਸ਼ਾ ਨੇ ਪਹਿਲੇ ਹੀ ਰਾਊਂਡ ਵਿੱਚ ਯੂਕਰੇਨ ਦੀ ਟੈਟੀਆਨਾ ਰਿਜ਼ਕੋ ਨੂੰ ਹਰਾਇਆ। ਹਾਲਾਂਕਿ, ਕੁਆਰਟਰ ਫਾਈਨਲ ਵਿੱਚ ਉੱਤਰੀ ਕੋਰੀਆ ਦੀ ਸੋਲ ਗਮ ਪਾਕ ਨੇ 10-8 ਨਾਲ ਨਿਸ਼ਾ ਨੂੰ ਮਾਤ ਦਿੱਤੀ, ਜਿਸ ਕਰਕੇ ਨਿਸ਼ਾ ਸੈਮੀਫਾਈਨਲ ‘ਚ ਨਹੀਂ ਪਹੁੰਚ ਸਕੀ।
ਮੈਚ ਦੇ ਸ਼ੁਰੂ ਵਿੱਚ, ਨਿਸ਼ਾ ਨੇ 4 ਅੰਕ ਹਾਸਲ ਕੀਤੇ ਅਤੇ ਸ਼ਾਨਦਾਰ ਫਾਰਮ ‘ਚ ਨਜ਼ਰ ਆਈ। ਸੋਲ ਗਮ ਪਾਕ ਸ਼ੁਰੂ ਵਿੱਚ ਉਨ੍ਹਾਂ ਦੇ ਮੁਕਾਬਲੇ ਬਹੁਤ ਹੀ ਫਿੱਕੀ ਲੱਗ ਰਹੀ ਸੀ। ਦੂਜੇ ਦੌਰ ਵਿੱਚ ਵੀ ਨਿਸ਼ਾ ਨੇ 4 ਹੋਰ ਅੰਕ ਕਮਾਏ, ਅਤੇ ਕੁੱਲ 8 ਅੰਕਾਂ ਨਾਲ ਅਗੇ ਰਹੀ। ਉੱਤਰੀ ਕੋਰੀਆ ਦੀ ਸੋਲ ਗਮ ਪਾਕ ਸਿਰਫ 6 ਅੰਕ ਹਾਸਲ ਕਰ ਸਕੀ ਸੀ।
ਪਰ ਤੀਸਰੇ ਦੌਰ ਦੌਰਾਨ, ਨਿਸ਼ਾ ਦੇ ਸੱਜੇ ਹੱਥ ਵਿੱਚ ਕੁਝ ਸਮੱਸਿਆ ਆ ਗਈ ਅਤੇ ਉਹ ਰੋ ਪਈ। ਫਿਜ਼ੀਓ ਦੇ ਇਲਾਜ ਦੇ ਬਾਅਦ ਉਹ ਮੈਚ ਵਿੱਚ ਕਮਜ਼ੋਰ ਨਜ਼ਰ ਆਈ। ਇਹੀ ਕਾਰਨ ਸੀ ਕਿ ਮੁਕਾਬਲੇ ‘ਚ ਅੱਗੇ ਰਹਿਣ ਦੇ ਬਾਵਜੂਦ, ਉਹ ਅੰਤ ਵਿੱਚ ਹਾਰ ਗਈ। ਜਦੋਂ 13 ਸਕਿੰਟ ਬਾਕੀ ਸਨ, ਦੋਵੇਂ ਖਿਡਾਰੀ 8-8 ਨਾਲ ਬਰਾਬਰ ਸਨ, ਪਰ ਸੋਲ ਪਾਕ ਨੇ ਇਨ੍ਹਾਂ ਆਖਰੀ ਸਕਿੰਟਾਂ ਵਿੱਚ 2 ਅੰਕ ਕਮਾਕੇ ਮੈਚ ਜਿੱਤ ਲਿਆ।
ਰਾਊਂਡ ਆਫ 16 ਵਿੱਚ, ਨਿਸ਼ਾ ਨੇ ਟੈਟੀਆਨਾ ਰਿਜ਼ਕੋ ਦੇ ਮੁਕਾਬਲੇ ਵਿੱਚ ਸ਼ੁਰੂ ਵਿੱਚ ਪਿੱਛੇ ਰਹਿ ਕੇ, ਆਖਰੀ ਕੁਝ ਸਕਿੰਟਾਂ ਵਿੱਚ ਟੈਟੀਆਨਾ ਨੂੰ ਮੈਟ ਤੋਂ ਬਾਹਰ ਕੱਢ ਕੇ ਜਿੱਤ ਹਾਸਲ ਕੀਤੀ।