ਕੈਨੇਡਾ ਵਿਚ ਰੇਲਵੇ ਮੁਲਾਜ਼ਮਾਂ ਦੀ ਹੜਤਾਲ ਦੇ ਆਸਾਰ ਸਿਰਫ ਮਾਲਵਾਹਕ ਸੇਵਾਵਾਂ ‘ਤੇ ਹੀ ਨਹੀਂ ਸਗੋਂ ਯਾਤਰੀਆਂ ਦੀ ਆਵਾਜਾਈ ‘ਤੇ ਵੀ ਗਹਿਰਾ ਅਸਰ ਪਾਉਣਗੇ। ਹੜਤਾਲ ਕਾਰਨ ਟੋਰਾਂਟੋ, ਮੌਂਟਰੀਅਲ ਅਤੇ ਵੈਨਕੂਵਰ ਸਟੇਸ਼ਨਾਂ ਰਾਹੀਂ ਰੋਜ਼ਾਨਾ ਸਫ਼ਰ ਕਰਨ ਵਾਲੇ 32 ਹਜ਼ਾਰ ਤੋਂ ਵੱਧ ਯਾਤਰੀਆਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਟ੍ਰਾਂਜ਼ਿਟ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਕੁਝ ਯਾਤਰੀ ਟਰੇਨਾਂ ਜੋ ਕਿ ਕੈਨੇਡੀਅਨ ਪੈਸੇਫਿਕ ਕੈਨਸਸ ਸਿਟੀ ਲਿਮ ਦੀਆਂ ਲਾਈਨਾਂ ‘ਤੇ ਚੱਲਦੀਆਂ ਹਨ, ਉਨ੍ਹਾਂ ਦੀ ਸੇਵਾ ਵਿੱਘਨਕਾਰੀ ਹੜਤਾਲ ਦੇ ਕਾਰਨ ਪ੍ਰਭਾਵਿਤ ਹੋ ਸਕਦੀ ਹੈ।
ਹੜਤਾਲ ਦੀ ਸੰਭਾਵਨਾ ਬੁੱਧਵਾਰ ਅੱਧੀ ਰਾਤ ਤੋਂ ਬਣੀ ਹੋਈ ਹੈ, ਜੇਕਰ ਰੇਲਵੇ ਕੰਪਨੀ ਅਤੇ ਯੂਨੀਅਨ ਦੇ ਵਿਚਕਾਰ ਆਖ਼ਰੀ ਸਮੇਂ ‘ਤੇ ਕੋਈ ਸਮਝੌਤਾ ਨਹੀਂ ਹੁੰਦਾ। ਇਹ ਹੜਤਾਲ, ਜਿਸ ਵਿੱਚ 9,300 ਮੁਲਾਜ਼ਮਾਂ ਦੇ ਨਾਲ 3,200 ਹੋਰ ਮੁਲਾਜ਼ਮ ਵੀ ਸ਼ਾਮਲ ਹੋ ਸਕਦੇ ਹਨ।
ਵੈਨਕੂਵਰ, ਟੋਰਾਂਟੋ ਅਤੇ ਮੌਂਟਰੀਅਲ ਵਿਚਲੇ ਕੁਝ ਮੁੱਖ ਰੇਲਵੇ ਰੂਟ ਇਸ ਹੜਤਾਲ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਸਕਦੇ ਹਨ। ਵੈਨਕੂਵਰ ਦੇ ਵੈਸਟ ਕੋਸਟ ਐਕਸਪ੍ਰੈਸ, ਟੋਰਾਂਟੋ ਦੀ ਮਿਲਟਨ ਲਾਈਨ, ਅਤੇ ਮੌਂਟਰੀਅਲ ਦੀ ਹਡਸਨ ਲਾਈਨ ਵੀ ਇਸ ਦਾ ਨਿਸ਼ਾਨਾ ਬਣ ਸਕਦੀ ਹੈ। ਰੋਜ਼ਾਨਾ ਮੁਸਾਫਰਾਂ ਦੀ ਗਿਣਤੀ ਦੇਖਦੇ ਹੋਏ, ਮੌਂਟਰੀਅਲ ਵਿੱਚ 21 ਹਜ਼ਾਰ, ਗਰੇਟਰ ਟੋਰਾਂਟੋ ਏਰੀਆ ਵਿੱਚ 8 ਹਜ਼ਾਰ, ਅਤੇ ਵੈਨਕੂਵਰ ਵਿੱਚ 3 ਹਜ਼ਾਰ ਯਾਤਰੀਆਂ ਦੀ ਆਵਾਜਾਈ ‘ਤੇ ਇਸ ਹੜਤਾਲ ਦਾ ਵੱਡਾ ਅਸਰ ਪੈਣ ਦੀ ਸੰਭਾਵਨਾ ਹੈ।
ਇਸੇ ਦੌਰਾਨ, ਕੈਨੇਡਾ ਦੇ ਕਿਰਤ ਮੰਤਰੀ ਸਟੀਵਨ ਮੈਕਿਨਨ ਨੇ ਸੀ.ਐਨ. ਰੇਲ ਅਤੇ ਯੂਨੀਅਨ ਆਗੂਆਂ ਨਾਲ ਮੁਲਾਕਾਤ ਕੀਤੀ ਹੈ ਤਾਂ ਜੋ ਇਸ ਸੰਕਟ ਦਾ ਹੱਲ ਨਿਕਲ ਸਕੇ।