ਸਾਲ 2024 ਵਿੱਚ, ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਭਾਰਤ ਤੋਂ ਆਏ ਲੋਕਾਂ ਵੱਲੋਂ ਸ਼ਰਣ ਮੰਗਣ ਦੇ ਮਾਮਲਿਆਂ ਵਿੱਚ ਰਿਕਾਰਡਤੋੜ ਵਾਧਾ ਹੋਇਆ ਹੈ। ਜਨਵਰੀ ਤੋਂ ਜੂਨ ਤੱਕ ਦੇ ਦੌਰਾਨ, ਲਗਭਗ 16,800 ਭਾਰਤੀਆਂ ਨੇ ਕੈਨੇਡਾ ਦੇ ਹਵਾਈ ਅੱਡਿਆਂ ‘ਤੇ ਸ਼ਰਣ ਲਈ ਅਰਜ਼ੀਆਂ ਦਿੱਤੀਆਂ, ਜਿਸ ਵਿੱਚੋਂ 30 ਫੀਸਦੀ ਅਰਜ਼ੀਆਂ ਪੰਜਾਬ ਦੇ ਲੋਕਾਂ ਵੱਲੋਂ ਪਾਈਆਂ ਗਈਆਂ। ਇਹ ਅੰਕੜਾ ਪਿਛਲੇ ਸਾਲ ਦੇ ਮੁਕਾਬਲੇ ਵਿੱਚ ਕਾਫੀ ਵੱਧ ਹੈ, ਜਦੋਂ ਕਿ 2023 ਵਿੱਚ ਕੁੱਲ 11,265 ਭਾਰਤੀਆਂ ਨੇ ਇਹ ਰਾਹ ਚੁਣਿਆ ਸੀ।
ਹਾਲਾਂਕਿ, 2022 ਵਿੱਚ ਸਿਰਫ਼ 4100 ਅਤੇ 2021 ਵਿੱਚ 1495 ਭਾਰਤੀਆਂ ਨੇ ਸ਼ਰਣ ਲਈ ਅਰਜ਼ੀ ਦਿੱਤੀ ਸੀ। ਇਸ ਸਾਲ ਦੇ ਪਹਿਲੇ ਛੇ ਮਹੀਨਿਆਂ ਵਿੱਚ ਭਾਰਤੀਆਂ ਵੱਲੋਂ ਸ਼ਰਣ ਲਈ ਅਰਜ਼ੀਆਂ ਦੇ ਮਾਮਲਿਆਂ ਵਿੱਚ 500 ਫੀਸਦੀ ਦੀ ਵਾਧਾ ਦੇਖਣ ਨੂੰ ਮਿਲਿਆ। ਕੈਨੇਡੀਅਨ ਅਧਿਕਾਰੀਆਂ ਲਈ ਇਹ ਵਾਧਾ ਹੈਰਾਨ ਕਰਨ ਵਾਲਾ ਹੈ, ਕਿਉਂਕਿ ਇਸ ਤੋਂ ਪਹਿਲਾਂ ਇਹ ਗਿਣਤੀ ਕਾਫ਼ੀ ਨਿਯੰਤਰਿਤ ਰਹੀ ਹੈ।
ਸਰਕਾਰ ਵੱਲੋਂ ਹਾਲੇ ਤੱਕ ਇਸ ਬਾਰੇ ਕਿਸੇ ਕਿਸਮ ਦਾ ਬਿਆਨ ਜਾਰੀ ਨਹੀਂ ਕੀਤਾ ਗਿਆ। ਅਪ੍ਰੈਲ ਤੋਂ ਜੂਨ 2024 ਦੇ 3 ਮਹੀਨਿਆਂ ਵਿੱਚ ਹੀ 6000 ਤੋਂ ਵੱਧ ਭਾਰਤੀਆਂ ਨੇ ਕੈਨੇਡਾ ਵਿੱਚ ਸ਼ਰਣ ਲਈ ਅਰਜ਼ੀਆਂ ਦਿੱਤੀਆਂ ਹਨ। ਜੁਲਾਈ ਅਤੇ ਅਗਸਤ ਵਿੱਚ ਵੀ ਇਹ ਸਿਲਸਿਲਾ ਜਾਰੀ ਹੈ। ਇਹ ਵਧਦੀ ਗਿਣਤੀ ਕੈਨੇਡਾ ਅਤੇ ਭਾਰਤ ਦੇ ਸਿਆਸੀ ਸਬੰਧਾਂ ਵਿੱਚ ਨਵਾਂ ਮੋੜ ਲਿਆਉਣ ਦਾ ਸੰਕੇਤ ਦੇ ਰਹੀ ਹੈ।
ਸ਼ਰਣ ਮੰਗਣ ਵਾਲੇ ਜ਼ਿਆਦਾਤਰ ਭਾਰਤੀ ਆਪਣੀ ਜਾਨ ਨੂੰ ਖਤਰੇ, ਸਿਆਸੀ ਅਤੇ ਧਾਰਮਿਕ ਦਬਾਅ ਦੇ ਕਾਰਨ ਇਹ ਰਾਹ ਚੁਣਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਜਾਇਜ਼ ਵੀਜ਼ੇ ‘ਤੇ ਕੈਨੇਡਾ ਵਿੱਚ ਦਾਖਲ ਨਾ ਹੋਣ ਦੇ ਡਰ ਕਰਕੇ, ਸ਼ਰਣ ਮੰਗਣਾ ਹੀ ਇਕ ਆਸਾਨ ਰਾਹ ਹੈ। ਕਈ ਮੌਕੇ ‘ਤੇ ਉਹਨਾਂ ਨੂੰ ਹਵਾਈ ਅੱਡਿਆਂ ‘ਤੇ ਹੀ ਸ਼ਰਣ ਲਈ ਅਰਜ਼ੀ ਦੇਣ ਦਾ ਮੌਕਾ ਮਿਲ ਜਾਂਦਾ ਹੈ। ਇਸ ਦੇ ਨਾਲ ਹੀ, ਜਿਨ੍ਹਾਂ ਨੇ ਪਹਿਲਾਂ ਹੀ ਸ਼ਰਣ ਪ੍ਰਾਪਤ ਕੀਤੀ ਹੈ, ਉਹ ਆਪਣੇ ਪਰਿਵਾਰਾਂ ਨੂੰ ਵੀ ਇਸ ਰਸਤੇ ਰਾਹੀਂ ਕੈਨੇਡਾ ਲਿਆਉਣ ਦੀ ਸਲਾਹ ਦਿੰਦੇ ਹਨ।