ਬਰੈਂਪਟਨ ਵਿੱਚ ਭਾਰਤੀ ਮੂਲ ਦੇ ਪਰਵਾਰ ਦੇ ਘਰ ਦੇ ਬਾਹਰ ਇੱਕ ਡਰਾਉਣੀ ਘਟਨਾ ਵਾਪਰੀ, ਜਦੋਂ ਉਨ੍ਹਾਂ ਨੇ ਆਪਣੇ ਡਰਾਈਵਵੇਅ ਵਿੱਚ ਖੜ੍ਹੀ ਇੱਕ ਅਣਜਾਣ ਕਾਲੇ ਰੰਗ ਦੀ ਐਸ.ਯੂ.ਵੀ. ਵਿੱਚੋਂ ਗੋਲੀ ਨਾਲ ਵਿੰਨ੍ਹੀ ਹੋਈ ਲਾਸ਼ ਬਰਾਮਦ ਕੀਤੀ। ਘਟਨਾ ਤੋਂ ਪੂਰਾ ਪਰਵਾਰ ਡਰ ਅਤੇ ਹੈਰਾਨੀ ਵਿੱਚ ਆ ਗਿਆ ਹੈ।
ਪਰਿਵਾਰ ਦੀ ਮਾਲਕਣ ਸਰਿਤਾ ਰਾਏ ਨੇ ਦੱਸਿਆ ਕਿ ਉਹ ਕੰਮ ਤੋਂ ਘਰ ਪਰਤੀ ਤਾਂ ਉਸਨੇ ਡਰਾਈਵਵੇਅ ਵਿੱਚ ਇੱਕ ਐਸ.ਯੂ.ਵੀ. ਖੜ੍ਹੀ ਵੇਖੀ, ਜਿਸਦਾ ਇੰਜਣ ਚੱਲ ਰਿਹਾ ਸੀ ਅਤੇ ਹੈੱਡਲਾਈਟਸ ਵੀ ਜਲ ਰਹੀਆਂ ਸਨ। ਸਰਿਤਾ ਨੇ ਕਿਹਾ ਕਿ ਉਸ ਨੇ ਪਹਿਲਾਂ ਕਦੇ ਇਹ ਗੱਡੀ ਨਹੀਂ ਦੇਖੀ ਸੀ, ਜਿਸ ਕਾਰਨ ਉਸਦੇ ਮਨ ਵਿੱਚ ਸ਼ੱਕ ਪੈਦਾ ਹੋ ਗਿਆ। ਉਸਦੇ ਬੇਟੇ ਨੇ ਵੀ ਗੱਡੀ ਦਾ ਧਿਆਨ ਨਾਲ ਨਿਰੀਖਣ ਕੀਤਾ, ਅਤੇ ਉਹਨਾਂ ਨੇ ਵੇਖਿਆ ਕਿ ਗੱਡੀ ਵਿੱਚ ਬੈਠਾ ਆਦਮੀ ਬੇਹੋਸ਼ ਲਗ ਰਿਹਾ ਸੀ।
ਸਰਿਤਾ ਅਤੇ ਉਸਦੇ ਬੇਟੇ ਨੇ ਉਚੀ ਆਵਾਜ਼ ਵਿੱਚ ਉਸ ਆਦਮੀ ਨੂੰ ਗੱਡੀ ਅੱਗੇ ਕਰਨ ਲਈ ਕਿਹਾ, ਪਰ ਉਸ ਵਲੋਂ ਕੋਈ ਜਵਾਬ ਨਾ ਆਇਆ। ਇਸ ਦੌਰਾਨ, ਉਹਨਾਂ ਨੇ ਤੁਰੰਤ 911 ਤੇ ਕਾਲ ਕੀਤੀ।
ਜਦੋਂ ਪੁਲਿਸ ਮੌਕੇ ‘ਤੇ ਪਹੁੰਚੀ, ਤਾਂ ਪੀਲ ਰੀਜਨਲ ਪੁਲਿਸ ਦੀ ਅਧਿਕਾਰੀ ਮੌਲਿਕਾ ਸ਼ਰਮਾ ਨੇ ਦੱਸਿਆ ਕਿ ਪੈਰਾਮੈਡਿਕਸ ਨੇ ਘਟਨਾ ਸਥਲ ‘ਤੇ ਪੁੱਜ ਕੇ ਜਿੰਦੇਗੀ ਬਚਾਉਣ ਦੀਆਂ ਕਈ ਕੋਸ਼ਿਸ਼ਾਂ ਕੀਤੀਆਂ, ਪਰ ਆਦਮੀ ਨੂੰ ਮੌਕੇ ‘ਤੇ ਹੀ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਮੁਤਾਬਕ, ਇਹ ਘਟਨਾ ਚਿੰਗੁਆਕੂਜ਼ੀ ਰੋਡ ਅਤੇ ਸਟੀਲਜ਼ ਐਵੇਨਿਊ ਨੇੜੇ ਮਿਲ ਸਟੋਨ ਡਰਾਈਵ ’ਤੇ ਵਾਪਰੀ, ਪਰ ਇਸ ਘਟਨਾ ਕਾਰਨ ਇਲਾਕੇ ਦੇ ਰਹਿਣ ਵਾਲਿਆਂ ਲਈ ਕੋਈ ਸਿੱਧਾ ਖਤਰਾ ਨਹੀਂ ਹੈ। ਫਿਰ ਵੀ, ਇਸ ਵਾਰਦਾਤ ਨੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਾਇਆ ਹੈ।
ਮੌਲਿਕਾ ਸ਼ਰਮਾ ਨੇ ਕਿਹਾ ਕਿ ਪੁਲਿਸ ਵੱਲੋਂ ਘਟਨਾ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ, ਤਾਂ ਜੋ ਜਿੰਮੇਵਾਰਾਂ ਦੀ ਪਛਾਣ ਕੀਤੀ ਜਾ ਸਕੇ। ਇਸ ਸਮੇਂ ਤੱਕ, ਮਰਨ ਵਾਲੇ ਆਦਮੀ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ।
ਸਰਿਤਾ ਰਾਏ ਨੇ ਕਿਹਾ ਕਿ ਇਹ ਘਟਨਾ ਉਸਦੇ ਪਰਿਵਾਰ ਲਈ ਬਹੁਤ ਹੀ ਦਹਿਸ਼ਤ ਭਰੀ ਹੈ ਅਤੇ ਰਾਤ ਨੂੰ ਉਨ੍ਹਾਂ ਦੀ ਨੀਂਦ ਉਡ ਗਈ।
ਦੂਜੇ ਪਾਸੇ, ਇੱਕ ਹੋਰ ਘਟਨਾ ਵਿੱਚ, ਬਰੈਂਪਟਨ ਦੇ ਮਾਊਂਟੇਨਐਸ਼ ਰੋਡ ਅਤੇ ਜਡਸਨ ਗੇਟ ਇਲਾਕੇ ਵਿੱਚ ਸ਼ੁੱਕਰਵਾਰ ਸ਼ਾਮ ਗੋਲੀਬਾਰੀ ਦੌਰਾਨ ਇੱਕ ਔਰਤ ਜ਼ਖਮੀ ਹੋ ਗਈ। ਪੁਲਿਸ ਨੇ ਦੱਸਿਆ ਕਿ ਔਰਤ ਦੀ ਹਾਲਤ ਖਤਰੇ ਤੋਂ ਬਾਹਰ ਹੈ ਅਤੇ ਦੋ ਸ਼ੱਕੀਆਂ ਦੀ ਭਾਲ ਜਾਰੀ ਹੈ ਜੋ ਮੌਕੇ ‘ਤੇ ਤੋਂ ਫਰਾਰ ਹੋ ਗਏ ਸਨ।
ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਇਸ ਮਾਮਲੇ ਨਾਲ ਜੁੜੀ ਕੋਈ ਵੀ ਜਾਣਕਾਰੀ ਹੋਵੇ, ਤਾਂ ਉਹ ਜਾਚਕਰਤਾਵਾਂ ਨਾਲ ਸੰਪਰਕ ਕਰਨ।