ਬ੍ਰਿਟਿਸ਼ ਕੋਲੰਬੀਆ ਦੀ ਸੂਬਾ ਸਰਕਾਰ, ਕੈਨੇਡਾ ਦੀ ਇਮੀਗ੍ਰੇਸ਼ਨ ਨੀਤੀਆਂ ਵਿਚ ਆ ਰਹੀਆਂ ਤਬਦੀਲੀਆਂ ਨੂੰ ਧਿਆਨ ਵਿਚ ਰੱਖਦੇ ਹੋਏ, ਆਪਣੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ (PNP) ਵਿਚ ਕੁਝ ਮਹੱਤਵਪੂਰਨ ਬਦਲਾਅ ਕਰਨ ਜਾ ਰਹੀ ਹੈ। ਇਹ ਤਬਦੀਲੀਆਂ 2025 ਦੀ ਸ਼ੁਰੂਆਤ ਤੋਂ ਲਾਗੂ ਹੋਣਗੀਆਂ, ਜਿਸ ਅਧੀਨ ਸੂਬਾ ਤਿੰਨ ਨਵੀਆਂ ਸਟ੍ਰੀਮਾਂ ਸ਼ੁਰੂ ਕਰੇਗਾ ਜੋ ਬੈਚਲਰ, ਮਾਸਟਰਜ਼, ਅਤੇ ਡਾਕਟਰੇਟ ਪੱਧਰ ਦੇ ਵਿਦਿਆਰਥੀਆਂ ਲਈ ਹੋਣਗੀਆਂ।
ਇਸ ਬਦਲਾਅ ਦੇ ਤਹਿਤ, ਅੰਤਿਮ ਵਾਰ ਅੰਤਰਰਾਸ਼ਟਰੀ ਗ੍ਰੈਜੂਏਟ ਸਟ੍ਰੀਮ ਲਈ ਇਨਵਾਈਟ ਨਵੰਬਰ 2024 ਵਿਚ ਜਾਰੀ ਕੀਤਾ ਜਾਵੇਗਾ, ਜਦਕਿ ਅੰਤਰਰਾਸ਼ਟਰੀ ਪੋਸਟ-ਗ੍ਰੈਜੂਏਟ ਸਟ੍ਰੀਮ ਲਈ ਅਰਜ਼ੀਆਂ 7 ਜਨਵਰੀ 2025 ਤੱਕ ਸਵੀਕਾਰ ਕੀਤੀਆਂ ਜਾਣਗੀਆਂ। ਇਸਦੇ ਨਾਲ, ਮੌਜੂਦਾ ਸਮੇਂ ਵਿਚ ਚੱਲ ਰਹੇ ਨਿਯਮਾਂ ਅਨੁਸਾਰ, ਬ੍ਰਿਟਿਸ਼ ਕੋਲੰਬੀਆ ਦੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵੱਖ-ਵੱਖ ਸ਼੍ਰੇਣੀਆਂ ਹਨ ਜਿਵੇਂ ਕਿ ਇੰਟਰਨੈਸ਼ਨਲ ਗ੍ਰੈਜੂਏਟ, ਪੋਸਟ-ਗ੍ਰੈਜੂਏਟ, ਅਤੇ ਸਕਿਲਡ ਵਰਕਰਾਂ ਲਈ ਪ੍ਰੋਗਰਾਮਾਂ। ਹੁਣ ਨਵੇਂ ਨਿਯਮਾਂ ਵਿੱਚ ਵਿਸ਼ਿਆਂ ਦੀ ਚੋਣ ਬਹੁਤ ਮਹੱਤਵਪੂਰਨ ਹੋ ਜਾਵੇਗੀ ਕਿਉਂਕਿ ਡਿਪਲੋਮਾ ਜਾਂ ਸਰਟੀਫਿਕੇਟ ਪੁਰੇ ਕਰ ਰਹੇ ਵਿਦਿਆਰਥੀਆਂ ਨੂੰ ਬੈਚਲਰ ਸ਼੍ਰੇਣੀ ਵਿਚ ਪੀ ਆਰ ਲਈ ਅਰਜ਼ੀ ਦੇਣ ਦੀ ਆਗਿਆ ਨਹੀਂ ਹੋਵੇਗੀ।
ਇਹ ਤਬਦੀਲੀਆਂ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾ ਦੀਆਂ ਲੋੜਾਂ ਨੂੰ ਵੀ ਹੋਰ ਮਜ਼ਬੂਤ ਕਰਦੀਆਂ ਹਨ, ਜਿਸ ਵਿਚ ਕੁਝ ਸਟ੍ਰੀਮਾਂ ਲਈ ਘੱਟੋ-ਘੱਟ ਭਾਸ਼ਾਈ ਯੋਗਤਾ ਸੀਐਲਬੀ ਲੈਵਲ ਵਿੱਚ ਵਾਧਾ ਕੀਤਾ ਜਾਵੇਗਾ।
ਬ੍ਰਿਟਿਸ਼ ਕੋਲੰਬੀਆ ਵਿਚ ਰਹਿ ਰਹੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੇ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਹਾ ਕਿ ਸਰਕਾਰ ਨੂੰ ਨੀਤੀਆਂ ਬਣਾਉਂਦੇ ਸਮੇਂ ਲੰਬੇ ਸਮੇਂ ਦੀ ਯੋਜਨਾ ਬਣਾਉਣੀ ਚਾਹੀਦੀ ਹੈ, ਤਾਂ ਜੋ ਵਿਦਿਆਰਥੀ ਆਪਣੇ ਭਵਿੱਖ ਲਈ ਸਹੀ ਚੋਣ ਕਰ ਸਕਣ। ਉਨ੍ਹਾਂ ਦਾ ਮੰਨਣਾ ਹੈ ਕਿ ਨੀਤੀਆਂ ਦੇ ਬਦਲਾਅ ਕਰਕੇ ਉਨ੍ਹਾਂ ਦਾ ਭਵਿੱਖ ਅਸਪਸ਼ਟ ਹੋ ਜਾਂਦਾ ਹੈ ਅਤੇ ਇਹ ਮਾਨਸਿਕ ਤਣਾਓ ਦਾ ਕਾਰਣ ਬਣਦਾ ਹੈ। ਇਸ ਦੇ ਨਾਲ, ਨਵੇਂ ਨਿਯਮਾਂ ਅਧੀਨ, ਕੈਨੇਡਾ ਵਿੱਚ ਆਉਣ ਵਾਲੇ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਵਿਸ਼ਿਆਂ ਦੀ ਚੋਣ ਬਹੁਤ ਮਹੱਤਵਪੂਰਨ ਹੋਵੇਗੀ।
ਜੋ ਵਿਦਿਆਰਥੀ ਕੇਵਲ ਡਿਪਲੋਮਾ ਜਾਂ ਸਰਟੀਫਿਕੇਟ ਕੋਰਸ ਕਰਦੇ ਹਨ, ਉਹਨਾਂ ਲਈ ਬੈਚਲਰ ਸ਼੍ਰੇਣੀ ਤਹਿਤ ਪੀ ਆਰ ਦੀ ਅਰਜ਼ੀ ਦੇਣ ਦੀ ਇਜਾਜ਼ਤ ਨਹੀਂ ਹੋਵੇਗੀ ਅਤੇ ਉਹਨਾਂ ਨੂੰ ਸਕਿਲਡ ਵਰਕਰ ਸ਼੍ਰੇਣੀ ਵਿੱਚ ਅਰਜ਼ੀ ਦੇਣ ਲਈ ਹੀ ਮੌਕਾ ਮਿਲੇਗਾ।