ਫਰਾਂਸ ਦੇ ਤੱਟੀ ਸ਼ਹਿਰ ਲੇ ਪੋਰਟਲ ਦੇ ਮੇਅਰ ਨੇ ਮੰਗਲਵਾਰ ਨੂੰ ਦੱਸਿਆ ਕਿ ਇੱਕ ਭਿਆਨਕ ਹਾਦਸੇ ‘ਚ 13 ਪ੍ਰਵਾਸੀਆਂ ਦੀ ਮੌਤ ਹੋ ਗਈ, ਜਦੋਂ ਉਹ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸਨ। ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਉਹਨਾਂ ਦੀ ਕਿਸ਼ਤੀ ਪਲਟ ਗਈ, ਜਿਸ ਨਾਲ ਦਰਜਨਾਂ ਲੋਕ ਪਾਣੀ ਵਿੱਚ ਡੁੱਬ ਗਏ।
ਮੇਅਰ ਓਲੀਵੀਅਰ ਬਾਰਬਾਰਿਨ ਨੇ ਜਾਣਕਾਰੀ ਦਿੱਤੀ ਕਿ ਇਸ ਹਾਦਸੇ ਦਾ ਕਾਰਨ ਕਿਸ਼ਤੀ ਦੇ ਤਲੇ ਦਾ ਫਟਣਾ ਸੀ, ਜਿਸ ਨਾਲ ਕਿਸ਼ਤੀ ਪਲਟੀ ਖਾ ਗਈ। ਬਚਾਅ ਕਰਮਚਾਰੀਆਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਬਚਾਉ ਥਾਂ ‘ਤੇ ਮੌਜੂਦ ਦਰਜਨਾਂ ਲੋਕਾਂ ਨੂੰ ਖਤਰਨਾਕ ਪਾਣੀ ‘ਚੋਂ ਕੱਢਣ ਦੀ ਕੋਸ਼ਿਸ਼ ਕੀਤੀ। ਬਚਾਅ ਕਾਰਵਾਈ ਵਿੱਚ 61 ਲੋਕਾਂ ਨੂੰ ਬਚਾ ਲਿਆ ਗਿਆ ਹੈ, ਪਰ ਇਸ ਹਾਦਸੇ ਵਿੱਚ ਘੱਟੋ-ਘੱਟ 13 ਲੋਕ ਆਪਣੀਆਂ ਜਾਨਾਂ ਗਵਾ ਬੈਠੇ।
ਇੱਕ ਸਮੁੰਦਰੀ ਬਚਾਅ ਅਧਿਕਾਰੀ ਨੇ ਇਸ ਹਾਦਸੇ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ, ਪਰ ਸਹੀ ਗਿਣਤੀ ਦੇ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ। ਹਾਦਸਾ ਫਰਾਂਸ ਦੇ ਬੋਲੋਨੇ-ਸੁਰ-ਮੇਰ ਦੇ ਨੇੜੇ ਹੋਇਆ, ਜਿੱਥੇ ਇਕ ਫਸਟ ਏਡ ਪੋਸਟ ਸਥਾਪਤ ਕੀਤੀ ਗਈ ਹੈ, ਤਾਂ ਜੋ ਪੀੜਤਾਂ ਦਾ ਤੁਰੰਤ ਇਲਾਜ ਕੀਤਾ ਜਾ ਸਕੇ।
ਫ੍ਰੈਂਚ ਮੈਰੀਟਾਈਮ ਸੈਕਟਰ ਦੇ ਬੁਲਾਰੇ ਏਟੀਨ ਬੈਗਿਓ ਨੇ ਦੱਸਿਆ ਕਿ ਹਾਲਾਂਕਿ 10 ਤੋਂ ਵੱਧ ਲੋਕਾਂ ਦੀ ਮੌਤ ਦੀ ਖ਼ਬਰ ਹੈ, ਪਰ ਮੌਤਾਂ ਦੀ ਅਸਲ ਗਿਣਤੀ ਬਾਰੇ ਹਾਲੇ ਕੁਝ ਵੀ ਨਿਸ਼ਚਿਤ ਨਹੀਂ ਕਿਹਾ ਜਾ ਸਕਦਾ। ਹਾਦਸਾ ਉਸ ਸਮੇਂ ਵਾਪਰਿਆ, ਜਦੋਂ ਕਿਸ਼ਤੀ ਗ੍ਰਿਸ-ਨੇਜ਼ ਪੁਆਇੰਟ ਦੇ ਨੇੜੇ ਦੂਰ ਤੱਕ ਪਾਣੀ ਵਿੱਚ ਡੁੱਬ ਗਈ। ਬਚਾਅ ਕਰਮਚਾਰੀਆਂ ਨੇ ਸਮੁੰਦਰ ਦੇ ਕਰੀਬ 20 ਡਿਗਰੀ ਸੈਲਸੀਅਸ ਤਾਪਮਾਨ ਵਾਲੇ ਪਾਣੀ ‘ਚੋਂ 61 ਲੋਕਾਂ ਨੂੰ ਬਾਹਰ ਕੱਢਿਆ।
ਇੰਟਰਨੈਸ਼ਨਲ ਆਰਗੇਨਾਈਜ਼ੇਸ਼ਨ ਫਾਰ ਮਾਈਗ੍ਰੇਸ਼ਨ (IOM) ਦੇ ਅਨੁਸਾਰ, ਇਸ ਸਾਲ ਬ੍ਰਿਟੇਨ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹੋਏ ਘੱਟੋ-ਘੱਟ 30 ਪ੍ਰਵਾਸੀ ਜਾਂ ਤਾਂ ਮਰੇ ਜਾਂ ਫਿਰ ਲਾਪਤਾ ਹੋ ਗਏ। ਯੂਕੇ ਦੇ ਗ੍ਰਹਿ ਦਫਤਰ ਵੱਲੋਂ ਹਾਲ ਹੀ ‘ਚ ਜਾਰੀ ਕੀਤੇ ਅੰਕੜਿਆਂ ਮੁਤਾਬਕ, ਪਿਛਲੇ ਸੱਤ ਦਿਨਾਂ ਵਿੱਚ ਘੱਟੋ ਘੱਟ 2,109 ਪ੍ਰਵਾਸੀਆਂ ਨੇ ਛੋਟੀਆਂ ਕਿਸ਼ਤੀਆਂ ‘ਤੇ ਇੰਗਲਿਸ਼ ਚੈਨਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਹੈ। ਯੂਰਪ ਵਿੱਚ, ਸ਼ਰਨਾਰਥੀਆਂ ਲਈ ਵੱਧਦੇ ਸਖ਼ਤ ਨਿਯਮ ਅਤੇ ਵਿਰੋਧੀ ਰਵੱਈਆ ਉਨ੍ਹਾਂ ਨੂੰ ਇਸਤਰ੍ਹਾਂ ਦੇ ਖਤਰਨਾਕ ਰਸਤੇ ਅਪਣਾਉਣ ਲਈ ਮਜਬੂਰ ਕਰ ਰਿਹਾ ਹੈ।