ਜਰਮਨੀ ਦੇ ਹੈਨੋਵਰ ਵਿੱਚ 3 ਸਤੰਬਰ ਨੂੰ ਹੋਈ ਦੂਜੀ ਵਿਸ਼ਵ ਡੈਫ਼ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਭਾਰਤੀ ਨਿਸ਼ਾਨੇਬਾਜ਼ਾਂ ਨੇ ਕਾਮਯਾਬੀ ਦੇ ਝੰਡੇ ਗੱਡੇ । 10 ਮੀਟਰ ਏਅਰ ਰਾਈਫਲ ਮਿਕਸਡ ਟੀਮ ਮੁਕਾਬਲੇ ਵਿੱਚ ਭਾਰਤ ਦੀਆਂ ਦੋ ਟੀਮਾਂ ਨੇ ਚੋਟੀ ਦੀਆਂ ਦੋ ਪੁਜ਼ੀਸ਼ਨਾਂ ‘ਤੇ ਕਬਜ਼ਾ ਕੀਤਾ। ਮਹਿਤ ਸੰਧੂ ਅਤੇ ਧਨੁਸ਼ ਸ਼੍ਰੀਕਾਂਤ ਦੀ ਜੋੜੀ ਨੇ ਇਸ ਮੁਕਾਬਲੇ ਵਿੱਚ ਸੋਨ ਤਗਮਾ ਜਿੱਤਿਆ, ਜਦਕਿ ਨਤਾਸ਼ਾ ਜੋਸ਼ੀ ਅਤੇ ਮੁਹੰਮਦ ਮੁਰਤਜ਼ਾ ਵਾਨੀਆ ਦੀ ਜੋੜੀ ਨੇ ਚਾਂਦੀ ਦਾ ਤਗਮਾ ਹਾਸਲ ਕੀਤਾ।
ਇਸ ਪ੍ਰਦਰਸ਼ਨ ਨਾਲ ਭਾਰਤ ਦੀ ਤਗਮਿਆਂ ਦੀ ਗਿਣਤੀ ਵਧ ਕੇ 12 ਹੋ ਗਈ ਹੈ, ਜਿਸ ਵਿੱਚ ਤਿੰਨ ਸੋਨ, ਛੇ ਚਾਂਦੀ ਅਤੇ ਤਿੰਨ ਕਾਂਸੀ ਦੇ ਤਗਮੇ ਸ਼ਾਮਲ ਹਨ। ਪਹਿਲੇ ਦੋ ਦਿਨਾਂ ਵਿੱਚ, ਭਾਰਤ ਨੇ ਕ੍ਰਮਵਾਰ ਚਾਰ ਅਤੇ ਪੰਜ ਤਗਮੇ ਜਿੱਤੇ ਸਨ।
ਮਹਿਤ ਅਤੇ ਧਨੁਸ਼ ਦੀ ਜੋੜੀ ਨੇ 628.8 ਦੇ ਸਕੋਰ ਨਾਲ ਡੈਫ ਸ਼ੂਟਿੰਗ ਵਿੱਚ ਵਿਸ਼ਵ ਰਿਕਾਰਡ ਬਣਾਇਆ। ਦੂਜੀ ਪਾਸੇ, ਨਤਾਸ਼ਾ ਅਤੇ ਮੁਰਤਜ਼ਾ ਵਾਨੀਆ ਦੀ ਜੋੜੀ ਨੇ 622.1 ਦੇ ਸਕੋਰ ਨਾਲ ਫਾਈਨਲ ਲਈ ਕੁਆਲੀਫਾਈ ਕੀਤਾ ਅਤੇ ਫਾਈਨਲ ਵਿੱਚ 17-5 ਨਾਲ ਵੱਡੀ ਜਿੱਤ ਦਰਜ ਕੀਤੀ।
10 ਮੀਟਰ ਏਅਰ ਪਿਸਟਲ ਮੁਕਾਬਲੇ ਵਿੱਚ ਪ੍ਰਾਂਜਲੀ ਧੂਮਲ ਅਤੇ ਅਭਿਨਵ ਦੇਸ਼ਵਾਲ ਦੀ ਜੋੜੀ ਨੇ ਚਾਂਦੀ ਦਾ ਤਗਮਾ ਜਿੱਤਿਆ। ਹਾਲਾਂਕਿ, ਫਾਈਨਲ ਵਿੱਚ ਉਨ੍ਹਾਂ ਨੂੰ ਯੂਕਰੇਨ ਦੀ ਜੋੜੀ ਓਲੇਕਸੀ ਲਾਜ਼ੇਬਨਿਕ ਅਤੇ ਇੰਨਾ ਅਫੋਨਚੇਂਕੋ ਵੱਲੋਂ 7-17 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੁਆਲੀਫਿਕੇਸ਼ਨ ਵਿੱਚ, ਪ੍ਰਾਂਜਲੀ ਅਤੇ ਅਭਿਨਵ ਦੀ ਜੋੜੀ ਨੇ 565 ਦੇ ਸਕੋਰ ਨਾਲ ਪਹਿਲਾ ਸਥਾਨ ਹਾਸਲ ਕੀਤਾ ਸੀ, ਜੋ ਡੈਫ਼ ਵਿਸ਼ਵ ਕੱਪ ਵਿੱਚ ਇੱਕ ਨਵਾਂ ਵਿਸ਼ਵ ਰਿਕਾਰਡ ਬਣਿਆ।