ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਇਸ ਸਾਲ ਦੇ ਅੰਤ ਤੱਕ ਵਿਧਾਨ ਸਭਾ ਚੋਣਾਂ ਦੇ ਸੰਕੇਤ ਦਿੱਤੇ ਹਨ। ਮੀਡੀਆ ਨਾਲ ਗੱਲਬਾਤ ਦੌਰਾਨ ਫੋਰਡ ਨੇ ਕਿਹਾ ਕਿ ਇਸ ਸਾਲ ਸੂਬੇ ਵਿੱਚ ਚੋਣਾਂ ਨਹੀਂ ਹੋਣਗੀਆਂ, ਪਰ ਉਹਨਾਂ ਨੇ ਪਾਰਟੀ ਦੇ ਮੈਂਬਰਾਂ ਨੂੰ ਤਿਆਰ ਰਹਿਣ ਦੀ ਸਲਾਹ ਦਿੱਤੀ ਹੈ। ਇਸ ਨਾਲ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2025 ਵਿੱਚ ਕਿਸੇ ਵੀ ਸਮੇਂ ਚੋਣਾਂ ਦਾ ਐਲਾਨ ਹੋ ਸਕਦਾ ਹੈ।
ਡਗ ਫੋਰਡ ਨੇ ਕਿਹਾ ਕਿ “ਅਸੀ ਚੋਣਾਂ ਤੋਂ ਬਹੁਤ ਦੂਰ ਨਹੀਂ। ਇਹ ਚੋਣਾਂ ਅਗਲੇ ਸਾਲ ਹੋ ਸਕਦੀਆਂ ਹਨ ਜਾਂ ਉਸ ਤੋਂ ਅਗਲੇ ਸਾਲ।” ਪ੍ਰੀਮੀਅਰ ਨੇ ਇਸ ਗੱਲ ਨੂੰ ਵੀ ਸਵੀਕਾਰ ਕੀਤਾ ਕਿ ਪਾਰਟੀ ਮੈਂਬਰਾਂ ਨੂੰ ਫੈਸਲਾ ਕਰਨ ਲਈ ਦਸੰਬਰ ਤੱਕ ਦਾ ਸਮਾਂ ਦਿੱਤਾ ਗਿਆ ਹੈ। ਉਨ੍ਹਾਂ ਨੇ ਸੂਬੇ ਦੀ ਸਰਕਾਰ ਦੀਆਂ ਮੁੱਖ ਤਵੱਜੋਆਂ ਬਾਰੇ ਵੀ ਗੱਲ ਕੀਤੀ, ਜਿਨ੍ਹਾਂ ਵਿੱਚ ਨੌਕਰੀਆਂ ਦੇ ਮੌਕੇ ਪੈਦਾ ਕਰਨਾ, ਹੈਲਥ ਕੇਅਰ, ਐਜੁਕੇਸ਼ਨ, ਅਤੇ ਹਾਈਵੇਜ਼ ਤੇ ਟ੍ਰਾਂਜ਼ਿਟ ਵਰਗੇ ਇਨਫਰਾਸਟ੍ਰਕਚਰ ਪ੍ਰੌਜੈਕਟਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਫੋਰਡ ਨੇ ਕਿਹਾ ਕਿ ਉਨਟਾਰੀਓ ਵਾਸੀਆਂ ਨੂੰ ਸਬ ਤੋਂ ਪਹਿਲਾਂ ਚੰਗੀ ਤਨਖਾਹ ਵਾਲੀ ਨੌਕਰੀ ਦੀ ਲੋੜ ਹੈ ਅਤੇ ਇਸਦੇ ਨਾਲ ਸੂਬੇ ਦੇ ਹਰ ਕੋਨੇ ਵਿੱਚ ਹਸਪਤਾਲਾਂ, ਸਕੂਲਾਂ ਅਤੇ ਹੋਰ ਇਨਫਰਾਸਟ੍ਰਕਚਰ ਬਣਾਇਆ ਜਾ ਰਿਹਾ ਹੈ।
ਇਸ ਦੇ ਨਾਲ ਹੀ, ਉਨ੍ਹਾਂ ਦੇ ਵਿਧਾਇਕਾਂ ਨੇ ਚੋਣਾਂ ਲਈ ਤਿਆਰੀ ਤੇਜ਼ ਕਰ ਦਿੱਤੀ ਹੈ। ਵਿਰੋਧੀ ਪਾਰਟੀਆਂ ਨੇ ਉਮੀਦਵਾਰਾਂ ਦੀ ਨਾਮਜ਼ਦੀਗੀ ਸ਼ੁਰੂ ਕਰ ਦਿੱਤੀ ਹੈ। ਐਨ.ਡੀ.ਪੀ. ਨੇ ਪਿਛਲੇ 10 ਹਫ਼ਤਿਆਂ ਵਿੱਚ 11 ਲੱਖ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ। ਪਾਰਟੀ ਨੇ ਦੱਸਿਆ ਕਿ ਤਕਰੀਬਨ 20 ਹਜ਼ਾਰ ਲੋਕਾਂ ਨੇ ਔਸਤਨ 52 ਡਾਲਰ ਦਾ ਚੰਦਾ ਦਿੱਤਾ।
ਲਿਬਰਲ ਪਾਰਟੀ ਦੇ ਹੌਸਲੇ ਵੀ ਮਜ਼ਬੂਤ ਹੋ ਰਹੇ ਹਨ, ਜਿਸਦੇ ਨਵੇਂ ਆਗੂ ਬੌਨੀ ਕਰੌਂਬੀ ਨੇ 30 ਲੱਖ ਡਾਲਰ ਦਾ ਚੰਦਾ ਇਕੱਠਾ ਕੀਤਾ ਹੈ। ਲਿਬਰਲ ਪਾਰਟੀ ਨੂੰ 2024 ਦੀ ਦੂਜੀ ਤਿਮਾਹੀ ਦੌਰਾਨ 10 ਲੱਖ ਡਾਲਰ ਦਾ ਚੰਦਾ ਮਿਲਿਆ। ਗਰੀਨ ਪਾਰਟੀ ਵੀ ਲੋਕਲ ਟੀਮਾਂ ਬਣਾਉਣ ਤੇ ਜ਼ੋਰ ਦੇ ਰਹੀ ਹੈ।
ਉੱਥੇ, ਪੀ.ਸੀ. ਪਾਰਟੀ ਕੋਲ ਇਸ ਵੇਲੇ 78 ਸੀਟਾਂ ਹਨ ਅਤੇ ਪਾਰਟੀ ਦੇ ਮੈਂਬਰ ਸਮਰੂਪ ਸਮਰਥਨ ਲਈ ਲੋਕਾਂ ਨਾਲ ਨਿਰੰਤਰ ਸੰਪਰਕ ਕਰ ਰਹੇ ਹਨ।