ਕੈਨੇਡਾ ਦੇ ਸਡਬਰੀ ਸ਼ਹਿਰ ਨੇੜੇ ਇਕ ਗੰਭੀਰ ਹਾਦਸੇ ਦੇ ਮਾਮਲੇ ਵਿਚ 26 ਸਾਲ ਦੇ ਪੰਜਾਬੀ ਨੌਜਵਾਨ ਜਗਦੀਪ ਸਿੰਘ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਗਈ ਹੈ। ਇਸ ਉਪਰ ਨਸ਼ਾ ਕਰਕੇ ਟਰੱਕ ਨਾਲ ਬੇਧੜਕ ਸੜਕ ‘ਤੇ ਖਤਰਨਾਕ ਤਰੀਕੇ ਨਾਲ ਟਰੱਕ ਚਲਾਉਣ ਦੇ ਦੋਸ਼ ਲਗੇ ਹਨ। ਇਹ ਹਾਦਸਾ ਹਾਈਵੇਅ 17 ‘ਤੇ ਵਾਪਰਿਆ, ਜਿੱਥੇ ਇਕ ਤੇਜ਼ ਰਫ਼ਤਾਰ ਟਰੱਕ ਕਈ ਰਾਹਗੀਰਾਂ ਲਈ ਖਤਰਾ ਬਣਿਆ ਹੋਇਆ ਸੀ।
ਪੁਲਿਸ ਰਿਪੋਰਟਾਂ ਦੇ ਮੁਤਾਬਕ, ਜਗਦੀਪ ਸਿੰਘ, ਜੋ ਕਿ ਨੋਵਾ ਸਕੋਸ਼ੀਆ ਦੇ ਲੋਅਰ ਸੈਕਵਿਲ ਨਾਲ ਸੰਬੰਧਤ ਹੈ, ਉਸ ‘ਤੇ ਕਥਿਤ ਤੌਰ ‘ਤੇ ਮੈਥਾਡੋਨ ਅਤੇ ਕੋਕੀਨ ਵਰਗੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਕੇ ਟਰੱਕ ਚਲਾਉਣ ਦਾ ਦੋਸ਼ ਹੈ। ਗਵਾਹਾਂ ਨੇ ਕਿਹਾ ਕਿ ਟਰੱਕ ਕਦੇ ਸੜਕ ਦੇ ਇਕ ਪਾਸੇ ਜਾਂਦਾ ਸੀ, ਤੇ ਕਦੇ ਦੂਜੇ ਪਾਸੇ। ਇਸ ਘਟਨਾ ਨੇ ਸੜਕ ’ਤੇ ਚੱਲ ਰਹੇ ਬਹੁਤ ਸਾਰੇ ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾ ਦਿੱਤਾ।
ਰਾਹਗੀਰਾਂ ਦੀ ਇਤਲਾਹ ‘ਤੇ ਪੁਲਿਸ ਨੇ ਤੁਰੰਤ ਕਾਰਵਾਈ ਕੀਤੀ ਅਤੇ ਟਰੱਕ ਦਾ ਪਿੱਛਾ ਕਰਕੇ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਅੰਤ ਵਿੱਚ ਟਰੱਕ ਰੋਕਿਆ ਗਿਆ, ਜਿੱਥੇ ਪੁਲਿਸ ਨੇ ਜਗਦੀਪ ਨੂੰ ਗ੍ਰਿਫ਼ਤਾਰ ਕਰਕੇ ਉਸਦੇ ਟਰੱਕ ਵਿਚੋਂ ਨਸ਼ੀਲੇ ਪਦਾਰਥ ਬਰਾਮਦ ਕੀਤੇ। ਜਗਦੀਪ ਸਿੰਘ ‘ਤੇ ਟਰੱਕ ਖਤਰਨਾਕ ਤਰੀਕੇ ਨਾਲ ਚਲਾਉਣ ਦੇ ਨਾਲ-ਨਾਲ ਨਸ਼ੀਲਾ ਪਦਾਰਥ ਰੱਖਣ, ਆਪਣੇ ਟਰੱਕਿੰਗ ਰਿਕਾਰਡ ਵਿੱਚ ਗਲਤ ਜਾਣਕਾਰੀ ਦਰਜ ਕਰਨ ਅਤੇ 16 ਘੰਟਿਆਂ ਦੀ ਲਗਾਤਾਰ ਡਰਾਈਵਿੰਗ ਬਿਨਾਂ 8 ਘੰਟੇ ਆਰਾਮ ਕੀਤੇ ਹੋਣ ਦੇ ਦੋਸ਼ ਵੀ ਲੱਗੇ ਹਨ।
ਅਦਾਲਤੀ ਕਾਰਵਾਈ
ਜਗਦੀਪ ਸਿੰਘ ਨੂੰ ਜ਼ਮਾਨਤ ‘ਤੇ ਰਿਹਾ ਕਰ ਦਿੱਤਾ ਗਿਆ ਹੈ ਅਤੇ ਅਗਲੀ ਪੇਸ਼ੀ 16 ਅਕਤੂਬਰ ਨੂੰ ਉਨਟਾਰੀਓ ਕੋਰਟ ਆਫ਼ ਜਸਟਿਸ ਵਿੱਚ ਹੋਣੀ ਹੈ। ਇਸ ਮਾਮਲੇ ਨੂੰ ਕੈਨੇਡਾ ਵਿਚ ਨਸ਼ਿਆਂ ਨਾਲ ਜੁੜੀ ਸਮੱਸਿਆ ਅਤੇ ਟਰੱਕ ਡਰਾਈਵਿੰਗ ਸੁਰੱਖਿਆ ਦੇ ਪ੍ਰਸੰਗ ਵਿਚ ਵੇਖਿਆ ਜਾ ਰਿਹਾ ਹੈ।