ਬ੍ਰੈਂਪਟਨ ਵਾਸੀ ਸਾਰਾਹ ਬੈਦਸ਼ਾਹ ਨੂੰ ਇਸ ਹਫ਼ਤੇ ਦੂਜੀ ਵਾਰ ਜ਼ਮਾਨਤ ਮਿਲੀ ਹੈ। ਟੋਰਾਂਟੋ ਅਦਾਲਤ ਨੇ ਸਰਕਾਰੀ ਵਕੀਲ ਦੀ ਸਹਿਮਤੀ ਦੇ ਬਾਅਦ ਸਾਰਾਹ ਨੂੰ $3000 ਦੇ ਮੁਚਲਕੇ ‘ਤੇ ਰਿਹਾਅ ਕਰਨ ਦੇ ਹੁਕਮ ਦਿੱਤੇ ਹਨ। ਇਸ ਤੋਂ ਪਹਿਲਾਂ, ਪੀਲ ਰੀਜਨਲ ਪੁਲਿਸ ਨੇ ਉਸ ਨੂੰ ਇੱਕ ਕਾਰਜੈਕਿੰਗ ਕੇਸ ਵਿੱਚ ਗ੍ਰਿਫ਼ਤਾਰ ਕੀਤਾ ਸੀ।
ਟੋਰਾਂਟੋ ਪੁਲਿਸ ਅਧਿਕਾਰੀਆਂ ਅਨੁਸਾਰ, 11 ਸਤੰਬਰ ਦੀ ਦੁਪਹਿਰ ਕਿਪਲਿੰਗ ਐਵੇਨਿਊ ਅਤੇ ਰੈਥਬਰਨ ਰੋਡ ਇਲਾਕੇ ਤੋਂ ਇੱਕ ਬੀ.ਐਮ.ਡਬਲਿਊ ਗੱਡੀ ਚੋਰੀ ਹੋਣ ਦੀ ਸੂਚਨਾ ਮਿਲੀ ਸੀ। ਪੀੜਤਾਂ ਨੇ ਦੱਸਿਆ ਕਿ ਇਕ ਨੌਜਵਾਨ ਕੁੜੀ ਅਤੇ ਉਸ ਦਾ ਸਾਥੀ ਗੱਡੀ ਖਰੀਦਣ ਦੀ ਵਾਰਤਾ ਕਰਨ ਲਈ ਮਿਲੇ ਸਨ। ਉਹਨਾਂ ਨੇ ਟੈਸਟ ਡਰਾਈਵ ਦਾ ਬਹਾਨਾ ਬਣਾ ਕੇ ਗੱਡੀ ਲੈਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ।
ਇਹਨਾਂ ਦੋਸ਼ਾਂ ਦੇ ਆਧਾਰ ‘ਤੇ, ਟੋਰਾਂਟੋ ਪੁਲਿਸ ਨੇ ਸਾਰਾਹ ਨੂੰ ਗ੍ਰਿਫ਼ਤਾਰ ਕੀਤਾ ਪਰ ਉਸ ਦਾ ਸਾਥੀ ਅਜੇ ਵੀ ਪੁਲਿਸ ਦੀ ਪਕੜ ਤੋਂ ਬਾਹਰ ਹੈ। 2021 ਮਾਡਲ ਦੀ ਬੀ.ਐਮ.ਡਬਲਿਊ ਐਕਸ 6 ਗੱਡੀ ਵੀ ਹੁਣ ਤੱਕ ਨਹੀਂ ਮਿਲੀ, ਜਿਸ ਦੀ ਲਾਇਸੰਸ ਪਲੇਟ CPX 183 ਦੱਸੀ ਜਾ ਰਹੀ ਹੈ। ਪੁਲਿਸ ਨੇ ਗੱਡੀ ਦੀ ਚੋਰੀ ਦੇ ਮਾਮਲੇ ‘ਚ ਦੋਸ਼ੀ ਔਰਤ ਅਤੇ ਉਸ ਦੇ ਸਾਥੀ ਵਿਰੁੱਧ ਜਾਂਚ ਜਾਰੀ ਰੱਖੀ ਹੈ।
ਇਸ ਤੋਂ ਇਲਾਵਾ, ਸਾਰਾਹ ਤੇ ਗੱਡੀ ਚੋਰੀ, ਸਜ਼ਾਯੋਗ ਅਪਰਾਧ ਕਰਨ ਅਤੇ ਅਪਰਾਧੀ ਸੰਪਤੀ ਰੱਖਣ ਦੇ ਦੋਸ਼ ਵੀ ਲਗਾਏ ਗਏ ਹਨ। ਪੀਲ ਪੁਲਿਸ ਮੁਤਾਬਕ ਸਾਰਾਹ ਉਤੇ ਪਹਿਲਾਂ ਵੀ ਠੱਗੀ ਦੇ ਦੋਸ਼ ਲੱਗ ਚੁੱਕੇ ਹਨ।
ਸਾਰਾਹ ਦੀ ਅਦਾਲਤ ਵਿੱਚ ਅਗਲੀ ਪੇਸ਼ੀ 29 ਅਕਤੂਬਰ ਨੂੰ ਹੋਵੇਗੀ।