ਬਰੈਂਪਟਨ ਈਸਟ ਤੋਂ ਐਮ.ਪੀ. ਮਨਿੰਦਰ ਸਿੱਧੂ ਨੇ ਉਨਟਾਰੀਓ ਦੀ ਡਗ ਫੋਰਡ ਸਰਕਾਰ ’ਤੇ ਦੋਸ਼ ਲਾਉਂਦੇ ਹੋਏ ਕਿਹਾ ਹੈ ਕਿ ਸੂਬੇ ਦੀਆਂ ਵਿਦਿਅਕ ਸੰਸਥਾਵਾਂ ਵਿਚ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ’ਚ ਹੱਡਬੰਨ ਵਾਧਾ ਹੋਇਆ ਹੈ। 2017 ਵਿਚ 1,07,000 ਵਿਦਿਆਰਥੀ ਸੂਬੇ ਦੇ ਵਿਦਿਅਕ ਅਦਾਰਿਆਂ ’ਚ ਪੜ੍ਹ ਰਹੇ ਸਨ, ਪਰ 2023 ਤੱਕ ਇਹ ਅੰਕੜਾ ਤਿੰਨ ਗੁਣਾ ਵੱਧ ਗਿਆ। ਇਸ ਬਾਰੇ ਦਲੀਲ ਕਰਦੇ ਹੋਏ ਸਿੱਧੂ ਨੇ ਕਿਹਾ ਕਿ ਫੋਰਡ ਸਰਕਾਰ ਨੇ ਸਿੱਖਿਆ ਦੇ ਖੇਤਰ ਲਈ ਜ਼ਰੂਰੀ ਫੰਡ ਮੁਹੱਈਆ ਨਹੀਂ ਕਰਵਾਏ, ਜਿਸ ਕਰਕੇ ਸੰਸਥਾਵਾਂ ਨੂੰ ਕੌਮਾਂਤਰੀ ਵਿਦਿਆਰਥੀਆਂ ’ਤੇ ਨਿਰਭਰ ਕਰਨਾ ਪਿਆ।
ਮਨਿੰਦਰ ਸਿੱਧੂ ਨੇ ਕਿਹਾ ਕਿ ਉਨਟਾਰੀਓ ਦੇ ਪੋਸਟ-ਸੈਕੰਡਰੀ ਅਦਾਰਿਆਂ ਨੂੰ ਕੈਨੇਡਾ ਵਿਚ ਸਭ ਤੋਂ ਘੱਟ ਸਰਕਾਰੀ ਮਦਦ ਮਿਲਦੀ ਹੈ। ਇਹ ਸਥਿਤੀ 2018 ਵਿਚ ਡਗ ਫੋਰਡ ਦੇ ਸੱਤਾ ’ਚ ਆਉਣ ਤੋਂ ਬਾਅਦ ਬਣੀ।
ਉਨ੍ਹਾਂ ਇਹ ਵੀ ਆਖਿਆ ਕਿ ਕਈ ਲੋਕਾਂ ਨੇ ਇਸ ਸਥਿਤੀ ਦਾ ਗਲਤ ਫਾਇਦਾ ਚੁਕਿਆ ਹੈ, ਜਿਸ ਨਾਲ ਸਮੱਸਿਆ ਵਧਦੀ ਗਈ। ਫਰਜ਼ੀ ਕਾਲਜਾਂ ਦੇ ਮਾਮਲੇ ਵੀ ਸਾਹਮਣੇ ਆਏ, ਜੋ ਕਿ ਕੌਮਾਂਤਰੀ ਵਿਦਿਆਰਥੀਆਂ ਨੂੰ ਠੱਗ ਰਹੇ ਸਨ। ਇਸ ਗੰਭੀਰ ਮਸਲੇ ਦੇ ਨਿਪਟਾਰੇ ਲਈ ਫੈਡਰਲ ਸਰਕਾਰ ਨੇ ਡੈਜ਼ੀਗਨੇਟਡ ਲਰਨਿੰਗ ਇੰਸਟੀਚਿਊਟਸ ਦੀ ਸੂਚੀ ਜਾਰੀ ਕੀਤੀ, ਤਾਂ ਜੋ ਵਿਦਿਆਰਥੀਆਂ ਨੂੰ ਠੱਗੀ ਤੋਂ ਬਚਾਇਆ ਜਾ ਸਕੇ।
ਉਨ੍ਹਾਂ ਇਹ ਵੀ ਕਿਹਾ ਕਿ ਇਸ ਸਾਲ ਤੋਂ ਕੌਮਾਂਤਰੀ ਵਿਦਿਆਰਥੀਆਂ ਦੀ ਗਿਣਤੀ ਘਟਾ ਦਿੱਤੀ ਗਈ ਹੈ, ਅਤੇ ਅਗਲੇ ਸਾਲ ਇਸ ਵਿੱਚ ਹੋਰ ਕਟੌਤੀ ਕੀਤੀ ਜਾਵੇਗੀ।