ਮੱਧ ਪੂਰਬ ਵਿੱਚ ਸਥਿਤੀ ਹੌਲੀ-ਹੌਲੀ ਨਾਜ਼ੁਕ ਹੋ ਰਹੀ ਹੈ। ਮੰਗਲਵਾਰ, 1 ਅਕਤੂਬਰ 2024 ਨੂੰ, ਈਰਾਨ ਵੱਲੋਂ ਦਰਜਨਾਂ ਮਿਜ਼ਾਈਲਾਂ ਇਜ਼ਰਾਈਲ ਵੱਲ ਦਾਗੀਆਂ ਗਈਆਂ, ਜਿਨ੍ਹਾਂ ਵਿੱਚ ਇਜ਼ਰਾਈਲੀ ਫੌਜ ਦੇ ਦਾਅਵੇ ਅਨੁਸਾਰ 200 ਤੋਂ ਵੱਧ ਮਿਜ਼ਾਈਲ ਸ਼ਾਮਲ ਸਨ। ਈਰਾਨ ਨੇ ਹਮਾਸ ਅਤੇ ਹਿਜ਼ਬੁੱਲਾ ਦੇ ਮੁਖੀਆਂ ਦੀ ਹੱਤਿਆ ਦਾ ਬਦਲਾ ਲੈਂਦਿਆਂ ਇਹ ਹਮਲਾ ਕੀਤਾ।
ਈਰਾਨ ਨੇ ਅੱਗਾਹੀ ਦਿੱਤੀ ਕਿ ਇਸ ਤਰ੍ਹਾਂ ਦੇ ਹਮਲੇ ਅਜੇ ਹੋਰ ਵੀ ਹੋ ਸਕਦੇ ਹਨ। ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਵੱਲੋਂ ਕਿਹਾ ਗਿਆ ਹੈ ਕਿ ਜੇ ਇਜ਼ਰਾਈਲ ਵੱਲੋਂ ਜਵਾਬੀ ਹਮਲਾ ਕੀਤਾ ਗਿਆ, ਤਾਂ ਉਸ ਨੂੰ ਹੋਰ ਵੀ ਵੱਡਾ ਨੁਕਸਾਨ ਪਹੁੰਚਾਇਆ ਜਾਵੇਗਾ। ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਹ ਹਮਲਾ ਤੇਲ ਅਵੀਵ ‘ਤੇ ਕੀਤਾ ਗਿਆ ਵੱਡਾ ਗਲਤ ਕਦਮ ਕਿਹਾ ਅਤੇ ਇਸ ਦਾ ਵੱਡਾ ਜਵਾਬ ਦੇਣ ਦਾ ਇਸ਼ਾਰਾ ਦਿੱਤਾ।
ਦੂਜੇ ਪਾਸੇ, ਲੇਬਨਾਨ ਨੇ ਵੀ ਇਜ਼ਰਾਈਲ ‘ਤੇ ਵੱਡਾ ਹਮਲਾ ਕੀਤਾ, 100 ਤੋਂ ਵੱਧ ਰਾਕੇਟ ਦਾਗੇ, ਹਾਲਾਂਕਿ ਜ਼ਿਆਦਾਤਰ ਰਾਕੇਟ ਖੁੱਲ੍ਹੀ ਜਗ੍ਹਾ ‘ਤੇ ਡਿੱਗੇ। ਇਜ਼ਰਾਈਲੀ ਹਵਾਈ ਹਮਲੇ ਦੇ ਨਤੀਜੇ ਵਜੋਂ ਬੇਰੂਤ ਵਿੱਚ 6 ਲੋਕ ਮਾਰੇ ਗਏ ਅਤੇ ਕਈ ਗੰਭੀਰ ਜ਼ਖ਼ਮੀ ਹੋਏ ਹਨ।
ਸੰਯੁਕਤ ਰਾਸ਼ਟਰ ਦੇ ਸਕੱਤਰ-ਜਨਰਲ ਐਂਟੋਨੀਓ ਗੁਟੇਰੇਸ ਨੇ ਇਜ਼ਰਾਈਲ ‘ਤੇ ਈਰਾਨ ਦੇ ਹਮਲਿਆਂ ਦੀ ਨਿਖ਼ੇਧਨਾ ਕੀਤੀ ਅਤੇ ਮੱਧ ਪੂਰਬ ‘ਚ ਵਧ ਰਹੇ ਤਣਾਅ ‘ਤੇ ਚਿੰਤਾ ਜ਼ਾਹਰ ਕੀਤੀ।