ਕੈਨੇਡਾ ਦੇ ਪ੍ਰਵਾਸੀ ਪੰਜਾਬੀ ਭਾਈਚਾਰੇ ਅਤੇ ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕਤਰ ਏਅਰਵੇਜ਼ ਦੀ ਨਵੀਂ ਸਿੱਧੀ ਉਡਾਣ ਸੇਵਾ ਦਾ ਖੁਸ਼ੀ ਨਾਲ ਸਵਾਗਤ ਕੀਤਾ ਹੈ। ਇਹ ਉਡਾਣ ਸੇਵਾ ਟੋਰਾਂਟੋ ਤੋਂ ਦੋਹਾ ਰਾਹੀਂ ਸਿੱਧਾ ਅੰਮ੍ਰਿਤਸਰ ਨਾਲ ਜੁੜੇਗੀ, ਜਿਸ ਨਾਲ ਪੰਜਾਬੀਆਂ ਦੇ ਹਵਾਈ ਸਫਰ ਦੇ ਤਜਰਬੇ ਵਿੱਚ ਖਾਸ ਸੁਧਾਰ ਹੋਵੇਗਾ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਦੇ ਉੱਤਰੀ ਅਮਰੀਕਾ ਵਿੱਚ ਕਨਵੀਨਰ ਅਨੰਤਦੀਪ ਸਿੰਘ ਢਿੱਲੋਂ ਅਤੇ ਗਲੋਬਲ ਕਨਵੀਨਰ ਸਮੀਪ ਸਿੰਘ ਗੁਮਟਾਲਾ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਇਹ ਉਡਾਣ 11 ਦਸੰਬਰ 2024 ਤੋਂ ਸ਼ੁਰੂ ਹੋਵੇਗੀ। ਢਿੱਲੋਂ ਨੇ ਵਧੇਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੰਮ੍ਰਿਤਸਰ ਤੋਂ ਕਤਰ ਏਅਰਵੇਜ਼ ਦੀ ਉਡਾਣ ਰੋਜ਼ਾਨਾ ਸਵੇਰੇ 4:10 ਵਜੇ ਚੱਲੇਗੀ ਅਤੇ ਸਵੇਰੇ 6:05 ਵਜੇ ਦੋਹਾ ਪਹੁੰਚੇਗੀ। ਦੋਹਾ ਵਿੱਚ ਕੁਝ ਦੇਰ ਬਾਅਦ ਯਾਤਰੀ ਹਫਤੇ ਵਿੱਚ ਤਿੰਨ ਵਾਰ – ਬੁੱਧਵਾਰ, ਸ਼ੁੱਕਰਵਾਰ ਅਤੇ ਐਤਵਾਰ – ਸਵੇਰੇ 9:50 ਵਜੇ ਦੋਹਾ ਤੋਂ ਟੋਰਾਂਟੋ ਲਈ ਰਵਾਨਾ ਹੋਣਗੇ ਅਤੇ ਦੁਪਹਿਰ 3:55 ਵਜੇ ਟੋਰਾਂਟੋ ਪਹੁੰਚ ਜਾਣਗੇ। ਇਹ ਸੇਵਾ ਪੰਜਾਬੀ ਯਾਤਰੀਆਂ ਲਈ ਖਾਸ ਫਾਇਦੇਮੰਦ ਹੋਵੇਗੀ ਕਿਉਂਕਿ ਇਸ ਦੇ ਨਾਲ ਉਨ੍ਹਾਂ ਨੂੰ ਦਿੱਲੀ ਜਾਂ ਹੋਰ ਸ਼ਹਿਰਾਂ ਦੇ ਜਹਾਜ਼-ਬਦਲ ਪੈਚੀਦਗੀਆਂ ਤੋਂ ਮੁਕਤੀ ਮਿਲੇਗੀ।
ਗੁਮਟਾਲਾ ਨੇ ਦੱਸਿਆ ਕਿ ਇਸ ਨਵੀਂ ਸੇਵਾ ਨਾਲ ਅੰਮ੍ਰਿਤਸਰ ਤੋਂ ਦੋਹਾ ਰਾਹੀਂ ਕੈਨੇਡਾ ਵਿੱਚ ਹੁਣ ਹਫ਼ਤੇ ਵਿੱਚ 10 ਉਡਾਣਾਂ ਉਪਲਬਧ ਹੋਣਗੀਆਂ। ਇਸ ਤੋਂ ਇਲਾਵਾ, ਪੰਜਾਬੀ ਯਾਤਰੀਆਂ ਲਈ ਇਸ ਵੇਲੇ ਮੌਜੂਦਾ ਇੱਕੋ-ਇੱਕ ਸਿੱਧਾ ਵਿਕਲਪ ਇਟਲੀ ਦੀ ਨਿਓਸ ਏਅਰ ਹੈ, ਜੋ ਅੰਮ੍ਰਿਤਸਰ ਤੋਂ ਟੋਰਾਂਟੋ ਲਈ ਉਡਾਣਾਂ ਚਲਾਉਂਦੀ ਹੈ। ਨਿਓਸ ਏਅਰ ਨੇ ਵੀ ਆਪਣੀਆਂ ਉਡਾਣਾਂ ਦੀ ਗਿਣਤੀ ਨੂੰ ਦਸੰਬਰ ਵਿੱਚ ਵਧਾ ਕੇ ਹਫਤੇ ਵਿੱਚ ਚਾਰ ਕਰ ਦਿੱਤਾ ਹੈ, ਜਿਸ ਨਾਲ ਸਿੱਧੇ ਹਵਾਈ ਸਫਰ ਲਈ ਹੋਰ ਸਹੂਲਤ ਮਿਲੇਗੀ।
ਫਲਾਈ ਅੰਮ੍ਰਿਤਸਰ ਇਨੀਸ਼ੀਏਟਿਵ ਨੇ ਕਿਹਾ ਕਿ ਉਹ ਅੰਮ੍ਰਿਤਸਰ ਤੋਂ ਹੋਰ ਸਿੱਧੀਆਂ ਉਡਾਣਾਂ ਲਈ ਵੀ ਯਤਨ ਕਰ ਰਹੇ ਹਨ। ਢਿੱਲੋਂ ਨੇ ਪੰਜਾਬੀ ਭਾਈਚਾਰੇ ਨੂੰ ਅਪੀਲ ਕੀਤੀ ਕਿ ਉਹ ਜ਼ਿਆਦਾ ਤੋਂ ਜ਼ਿਆਦਾ ਅੰਮ੍ਰਿਤਸਰ ਤੋਂ ਹੀ ਹਵਾਈ ਸਫਰ ਕਰਨ, ਤਾਂ ਜੋ ਹੋਰ ਏਅਰਲਾਈਨ ਕੰਪਨੀਆਂ ਨੂੰ ਇਸ ਮੰਗ ਦੇ ਅਧਾਰ ਤੇ ਨਵੀਆਂ ਸੇਵਾਵਾਂ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ ਜਾ ਸਕੇ।