ਇਜ਼ਰਾਇਲ ਦੀ ਫੌਜ ਨੇ 17 ਅਕਤੂਬਰ ਨੂੰ ਇੱਕ ਵੱਡੀ ਸਫਲਤਾ ਹਾਸਲ ਕੀਤੀ, ਜਦੋਂ ਗਾਜ਼ਾ ਵਿੱਚ ਕੀਤੀ ਗਈ ਸੈਨਿਕ ਕਾਰਵਾਈ ਦੌਰਾਨ ਹਮਾਸ ਦੇ ਤਿੰਨ ਮਹੱਤਵਪੂਰਨ ਅੱਤਵਾਦੀਆਂ ਨੂੰ ਮਾਰ ਦਿੱਤਾ ਗਿਆ। ਇਜ਼ਰਾਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਮਾਰੇ ਗਏ ਅੱਤਵਾਦੀਆਂ ਵਿੱਚ ਹਮਾਸ ਦੇ ਮੁਖੀ ਯਾਹਿਆ ਸਿਨਵਾਰ ਵੀ ਸ਼ਾਮਲ ਹੋ ਸਕਦੇ ਹਨ। ਸਿਨਵਾਰ ਹਮਾਸ ਦੀਆਂ ਹਿੰਸਕ ਕਾਰਵਾਈਆਂ ਲਈ ਮੁੱਖ ਜਿੰਮੇਵਾਰ ਸਮਝਿਆ ਜਾਂਦਾ ਹੈ। ਫੌਜ ਵੱਲੋਂ ਮਾਰੇ ਗਏ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ ਅਤੇ ਡੀਐਨਏ ਟੈਸਟ ਦੇ ਜ਼ਰੀਏ ਇਸ ਦੀ ਪੁਸ਼ਟੀ ਕੀਤੀ ਜਾਵੇਗੀ।
ਇਜ਼ਰਾਈਲ ਨੇ ਇਹ ਕਾਰਵਾਈ ਗਾਜ਼ਾ ਦੇ ਦੱਖਣੀ ਹਿੱਸੇ ਵਿੱਚ ਰਫਾਹ ਸ਼ਹਿਰ ਵਿੱਚ ਕੀਤੀ, ਜਿੱਥੇ ਮਿਸ਼ਨ ਦੌਰਾਨ ਤਿੰਨ ਅੱਤਵਾਦੀਆਂ ਨੂੰ ਮਾਰ ਕੇ ਉਨ੍ਹਾਂ ਦੀਆਂ ਲਾਸ਼ਾਂ ਨੂੰ ਇਜ਼ਰਾਇਲੀ ਫੌਜ ਨੇ ਆਪਣੇ ਕਬਜ਼ੇ ‘ਚ ਲਿਆ। ਇਜ਼ਰਾਇਲ ਨੇ ਦੱਸਿਆ ਕਿ ਉਨ੍ਹਾਂ ਕੋਲ ਹਮਾਸ ਦੇ ਨੇਤਾ ਯਾਹਿਆ ਸਿਨਵਾਰ ਦੇ ਡੀਐਨਏ ਨਮੂਨੇ ਹਨ, ਜੋ ਕਿ ਪਹਿਲਾਂ ਦੀਆਂ ਗਿਰਫਤਾਰੀਆਂ ਦੇ ਸਮੇਂ ਤੋਂ ਸੁਰੱਖਿਅਤ ਹਨ। ਇਜ਼ਰਾਇਲ ਹੁਣ ਇਹਨਾਂ ਨਮੂਨਿਆਂ ਦਾ ਟੈਸਟ ਕਰ ਕੇ ਇਹ ਜਾਣਣ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਕੀ ਮਾਰੇ ਗਏ ਲੋਕਾਂ ਵਿੱਚ ਯਾਹਿਆ ਸਿਨਵਾਰ ਵੀ ਸ਼ਾਮਲ ਹੈ ਜਾਂ ਨਹੀਂ।
ਹਮਾਸ ਦੀ ਪੱਖੋਂ ਅਜੇ ਤੱਕ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ। ਹਮਾਸ ਨਾਲ ਜੁੜੀ ਵੈਬਸਾਈਟ ‘ਅਲ-ਮਜਦ’ ਨੇ ਵੀ ਫਿਲਹਾਲ ਸਿਰਫ਼ ਇੰਨਾ ਕਿਹਾ ਹੈ ਕਿ ਸਿਨਵਾਰ ਬਾਰੇ ਕੋਈ ਜਾਣਕਾਰੀ ਸਮੂਹ ਵੱਲੋਂ ਹੀ ਦਿੱਤੀ ਜਾਵੇਗੀ।
ਇਜ਼ਰਾਈਲ ਦਾ ਬਿਆਨ
ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਹਮਾਸ ਦੇ ਮੁਖੀ ਦੀ ਮੌਤ ‘ਤੇ ਦੇਸ਼ ਨੂੰ ਸੰਬੋਧਨ ਕਰਦਿਆਂ ਕਿਹਾ, “ਅਸੀਂ ਹਮਾਸ ਦੇ ਸਭ ਤੋਂ ਵੱਡੇ ਆਤੰਕਵਾਦੀ ਨੇਤਾ ਨੂੰ ਮਾਰ ਦਿੱਤਾ ਹੈ। ਇਹ ਸਾਡੇ ਲਈ ਇੱਕ ਵੱਡਾ ਮੋੜ ਹੈ, ਪਰ ਅਸੀਂ ਅਜੇ ਵੀ ਬੰਦਕਾਂ ਦੀ ਰਿਹਾਈ ਲਈ ਲੜਾਈ ਜਾਰੀ ਰੱਖਾਂਗੇ।”
ਉਹਨਾਂ ਗਾਜ਼ਾ ਦੇ ਲੋਕਾਂ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ “ਯਾਹਿਆ ਸਿਨਵਾਰ ਨੇ ਤੁਹਾਡੀ ਜ਼ਿੰਦਗੀ ਨੂੰ ਨਰਕ ਬਣਾ ਦਿੱਤਾ ਸੀ। ਉਹ ਤੁਹਾਨੂੰ ਇੱਕ ਸ਼ੇਰ ਵਾਂਗੂ ਦਿਖਾਉਂਦਾ ਸੀ, ਪਰ ਅਸਲ ਵਿੱਚ ਉਹ ਡਰਪੋਕ ਸੀ। ਅਸੀਂ ਉਸਨੂੰ ਉਸਦੀ ਗੁਫਾ ਤੋਂ ਕੱਢ ਕੇ ਢੇਰ ਕਰ ਦਿੱਤਾ ਹੈ।”
חיסלנו את סינוואר. pic.twitter.com/rq7qGRewzo
— Benjamin Netanyahu – בנימין נתניהו (@netanyahu) October 17, 2024
ਸਿਨਵਾਰ ਦੇ ਪਿਛੋਕੜ ਬਾਰੇ
ਯਾਹਿਆ ਸਿਨਵਾਰ ਹਮਾਸ ਦਾ ਇੱਕ ਮਹੱਤਵਪੂਰਨ ਮੁਖੀ ਸੀ, ਜਿਸਦਾ ਜਨਮ 1962 ਵਿੱਚ ਗਾਜ਼ਾ ਵਿੱਚ ਹੋਇਆ ਸੀ। ਸਿਨਵਾਰ ਨੂੰ 2023 ਵਿੱਚ ਹਮਾਸ ਦੇ ਇਜ਼ਰਾਈਲ ‘ਤੇ ਕੀਤੇ ਗਏ ਹਮਲੇ ਦਾ ਮਾਸਟਰਮਾਈਂਡ ਮੰਨਿਆ ਜਾਂਦਾ ਹੈ।