ਕੋਟ ਟੋਡਰ ਮੱਲ ਦੇ 22 ਸਾਲਾ ਨੌਜਵਾਨ ਸੁਖਬੀਰ ਸਿੰਘ ਦੀ ਕੈਨੇਡਾ ਦੇ ਬਰੈਂਪਟਨ ਵਿੱਚ ਹੋਏ ਸੜਕ ਹਾਦਸੇ ‘ਚ ਗੰਭੀਰ ਜਖਮੀ ਹੋਣ ਤੋਂ ਬਾਅਦ ਮੌਤ ਹੋ ਜਾਣ ਦੀ ਖ਼ਬਰ ਪ੍ਰਕਾਸ਼ ਵਿੱਚ ਆਈ ਹੈ। ਮ੍ਰਿਤਕ ਦੇ ਪਿਤਾ, ਪਰਮਜੀਤ ਸਿੰਘ, ਜੋ ਕਿ ਪਿੰਡ ਕੋਟ ਟੋਡਰ ਮੱਲ ਦੇ ਰਹਿਣ ਵਾਲੇ ਹਨ, ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾ ਦਾ ਪੁੱਤ ਗੁਰਦੁਆਰਾ ਸਾਹਿਬ ਮੱਥਾ ਟੇਕਣ ਤੋਂ ਬਾਅਦ 1 ਅਕਤੂਬਰ 2024 ਨੂੰ ਸੜਕ ਪਾਰ ਕਰ ਰਿਹਾ ਸੀ ਜਦੋਂ ਇੱਕ ਵਾਹਨ ਨੇ ਉਸਨੂੰ ਟੱਕਰ ਮਾਰੀ। ਟੱਕਰ ਦੇ ਨਤੀਜੇ ਵਜੋਂ ਸੁਖਬੀਰ ਸਿੰਘ ਨੂੰ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ, ਜਿਸ ਕਾਰਨ ਉਸਨੂੰ ਟੋਰਾਂਟੋ ਦੇ ਇੱਕ ਵੱਡੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਪਰ 6 ਅਕਤੂਬਰ 2024 ਨੂੰ ਉਸਦੀ ਮੌਤ ਹੋ ਗਈ।
ਸੁਖਬੀਰ ਦੇ ਪਿਤਾ, ਪਰਮਜੀਤ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤ ਦੇ ਅੰਤਿਮ ਸਸਕਾਰ ਲਈ ਕੈਨੇਡਾ ਦਾ ਵੀਜ਼ਾ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਅਜੇ ਤੱਕ ਕੈਨੇਡਾ ਅੰਬੈਸੀ ਵੱਲੋਂ ਕੋਈ ਜਵਾਬ ਨਹੀਂ ਮਿਲਿਆ। ਉਹ ਚਾਹੁੰਦੇ ਹਨ ਕਿ ਉਹ ਕੈਨੇਡਾ ਜਾ ਕੇ ਆਪਣੀ ਬੇਟੇ ਦਾ ਅੰਤਿਮ ਸਸਕਾਰ ਅਤੇ ਕਾਨੂੰਨੀ ਕਾਰਵਾਈ ਕਰ ਸਕਣ। ਪਰਮਜੀਤ ਸਿੰਘ, ਜੋ ਕਿ ਆਬੂ ਵਿੱਚ ਕਾਰਪੈਂਟਰੀ ਦਾ ਕੰਮ ਕਰਦੇ ਹਨ, ਆਪਣੇ ਪੁੱਤ ਦੀ ਮੌਤ ਦੀ ਖ਼ਬਰ ਸੁਣ ਕੇ ਤੁਰੰਤ ਆਪਣੇ ਪਿੰਡ ਵਾਪਸ ਆ ਗਏ।
ਉਨ੍ਹਾਂ ਭਾਰਤ ਸਰਕਾਰ ਦੇ ਵਿਦੇਸ਼ ਮੰਤਰਾਲੇ ਅਤੇ ਪੰਜਾਬ ਦੇ ਮੁੱਖ ਮੰਤਰੀ ਤੋਂ ਮਦਦ ਦੀ ਅਪੀਲ ਕੀਤੀ ਹੈ, ਤਾਂ ਜੋ ਉਨ੍ਹਾਂ ਨੂੰ ਜਲਦੀ ਤੋਂ ਜਲਦੀ ਕੈਨੇਡਾ ਦਾ ਵੀਜ਼ਾ ਦਿੱਤਾ ਜਾਵੇ। ਪਰਮਜੀਤ ਸਿੰਘ ਨੇ ਦੱਸਿਆ ਕਿ ਉਹਨੇ ਆਪਣੇ ਪੁੱਤ ਨੂੰ ਕੈਨੇਡਾ ਭੇਜਣ ਲਈ ਲੱਖਾਂ ਰੁਪਏ ਖਰਚੇ ਸਨ, ਅਤੇ ਹੁਣ ਉਹਨਾਂ ਦਾ ਇਕਲੌਤਾ ਪੁੱਤ ਹਾਦਸੇ ਵਿੱਚ ਮਾਰਿਆ ਗਿਆ ਹੈ। ਸੁਖਬੀਰ ਸਿੰਘ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਅਤੇ ਇਸ ਹਾਦਸੇ ਨਾਲ ਪੂਰੇ ਪਰਿਵਾਰ ‘ਚ ਦੁਖ ਦਾ ਮਾਹੌਲ ਹੈ।