ਉਨਟਾਰੀਓ ਸੂਬੇ ਵਿੱਚ ਇੱਕ ਨਵਾਂ ਕਾਨੂੰਨ ਲਾਗੂ ਹੋ ਗਿਆ ਹੈ ਜਿਸ ਦੇ ਤਹਿਤ ਕਿਰਤੀ ਹੁਣ ਤਿੰਨ ਦਿਨ ਜਾਂ ਇਸ ਤੋਂ ਘੱਟ ਬਿਮਾਰੀ ਦੀ ਛੁੱਟੀ ਲਈ ਡਾਕਟਰ ਦੀ ਪਰਚੀ ਦੇਣ ਤੋਂ ਮੁਕਤ ਰਹਿਣਗੇ। ਇਹ ਨਵਾਂ ਨਿਯਮ 28 ਅਕਤੂਬਰ ਤੋਂ ਅਮਲ ਵਿੱਚ ਆ ਚੁੱਕਾ ਹੈ ਅਤੇ ਬਿਨਾਂ ਤਨਖਾਹ ਵਾਲੀਆਂ ਤਿੰਨ ਸਿਕ ਲੀਵ ਲਈ ਡਾਕਟਰ, ਨਰਸ ਜਾਂ ਮਨੋਰੋਗ ਮਾਹਰ ਦੀ ਪਰਚੀ ਲੈਣ ਦੀ ਲੋੜ ਨਹੀਂ ਰਹੀ।
ਉਨਟਾਰੀਓ ਦੇ ਕਿਰਤ ਮੰਤਰੀ ਡੇਵਿਡ ਪਚਿਨੀ ਦੀ ਪ੍ਰੈਸ ਸਕੱਤਰ ਮਿਸ਼ੇਲ ਫੈਗਰੀਡੋ ਮੁਤਾਬਕ, “ਵਰਕਿੰਗ ਫੌਰ ਵਰਕਰਜ਼ ਫਾਈਵ ਐਕਟ” ਦੇ ਲਾਗੂ ਹੋਣ ਨਾਲ, ਕਿਰਤੀ ਹੁਣ ਬਿਮਾਰ ਛੁੱਟੀ ਲੈਂਦੇ ਸਮੇਂ ਸਬੂਤ ਦੇਣ ਦੀ ਲੋੜ ਤੋਂ ਬਚਣਗੇ। ਹਾਲਾਂਕਿ ਇੰਪਲੌਇਰ ਭਵਿੱਖ ਵਿੱਚ ਕਿਸੇ ਹੋਰ ਤਰੀਕੇ ਨਾਲ ਅਟੈਸਟੇਸ਼ਨ ਮੰਗ ਸਕਦੇ ਹਨ, ਪਰ ਇਸ ਲਈ ਡਾਕਟਰ ਦੀ ਪਰਚੀ ਦੀ ਲੋੜ ਨਹੀਂ ਹੋਵੇਗੀ।
ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾ. ਜੌਸ ਰਾਈਮਰ ਨੇ ਕਿਹਾ ਕਿ ਉਨ੍ਹਾਂ ਲੋਕਾਂ ਲਈ, ਜਿਨ੍ਹਾਂ ਕੋਲ ਫੈਮਿਲੀ ਡਾਕਟਰ ਦੀ ਪਹੁੰਚ ਨਹੀਂ, ਇਹ ਨਿਯਮ ਖਾਸ ਕਰਕੇ ਸਹੂਲਤ ਵਾਲਾ ਹੈ। ਕੈਨੇਡਾ ਵਿੱਚ ਲਗਭਗ 65 ਲੱਖ ਲੋਕ ਅਜੇ ਵੀ ਫੈਮਿਲੀ ਡਾਕਟਰ ਤੋਂ ਬਿਨਾਂ ਹਨ ਅਤੇ ਇਹ ਨਵਾਂ ਕਾਨੂੰਨ ਉਨ੍ਹਾਂ ਲਈ ਲਾਭਦਾਇਕ ਸਾਬਤ ਹੋਵੇਗਾ। ਫੈਗਰੀਡੋ ਦੇ ਮਤਾਬਕ, ਡਾਕਟਰਾਂ ਨੂੰ ਹਰ ਹਫ਼ਤੇ ਲਗਭਗ 19 ਘੰਟੇ ਕਾਗਜ਼ੀ ਕਾਰਵਾਈ ਵਿੱਚ ਲਗਾਉਣੇ ਪੈਂਦੇ ਹਨ ਜੋ ਨਵਾਂ ਨਿਯਮ ਕਾਫੀ ਘਟਾ ਦੇਵੇਗਾ ਅਤੇ ਇਸ ਨਾਲ ਉਹ ਮਰੀਜ਼ਾਂ ਦੀ ਸੰਭਾਲ ਲਈ ਹੋਰ ਸਮਾਂ ਵੰਡ ਸਕਣਗੇ।
ਇਸ ਨਵੇਂ ਨਿਯਮ ਨਾਲ ਕਿਰਤੀ ਅਤੇ ਮੈਡੀਕਲ ਪ੍ਰੋਫੈਸ਼ਨਲ ਦੋਵਾਂ ਨੂੰ ਹੀ ਅਸਾਨੀ ਮਿਲੇਗੀ, ਕਿਉਂਕਿ ਹੁਣ ਕਿਰਤੀ ਡਾਕਟਰੀ ਸਬੂਤ ਦੇਣ ਤੋਂ ਬਚ ਸਕਣਗੇ ਅਤੇ ਡਾਕਟਰ ਵੀ ਮਰੀਜ਼ਾਂ ਨੂੰ ਹੋਰ ਸੰਭਾਲ ਸਕਣਗੇ।