ਕੈਨੇਡੀਅਨ ਸਰਕਾਰ ਨੇ ਅੱਜ ਇੱਕ ਵੱਡਾ ਫ਼ੈਸਲਾ ਲੈਂਦੇ ਹੋਏ ਸਟੂਡੈਂਟ ਡਾਇਰੈਕਟ ਸਟ੍ਰੀਮ (SDS) ਪ੍ਰੋਗਰਾਮ ਨੂੰ 8 ਨਵੰਬਰ, 2024 ਤੋਂ ਤੁਰੰਤ ਪ੍ਰਭਾਵ ਨਾਲ ਖਤਮ ਕਰਨ ਦਾ ਐਲਾਨ ਕੀਤਾ ਹੈ। ਇਸ ਫ਼ੈਸਲੇ ਨਾਲ, ਸੈਂਕੜੇ ਹਜ਼ਾਰ ਅੰਤਰਰਾਸ਼ਟਰੀ ਵਿਦਿਆਰਥੀ, ਖਾਸ ਕਰਕੇ ਭਾਰਤ, ਚੀਨ, ਪਾਕਿਸਤਾਨ ਅਤੇ ਫਿਲੀਪੀਨਜ਼ ਵਰਗੇ ਮੁਲਕਾਂ ਤੋਂ ਆਉਣ ਵਾਲੇ, ਸਿੱਧੇ ਤੌਰ ‘ਤੇ ਪ੍ਰਭਾਵਿਤ ਹੋਣਗੇ। SDS ਦੀ ਸ਼ੁਰੂਆਤ 2018 ਵਿੱਚ ਇਸ ਉਦੇਸ਼ ਨਾਲ ਕੀਤੀ ਗਈ ਸੀ ਕਿ ਕੁਝ ਖਾਸ ਸ਼ਰਤਾਂ ਨੂੰ ਪੂਰਾ ਕਰਨ ਵਾਲੇ ਬਿਨੈਕਾਰਾਂ ਨੂੰ ਸਟੀਡੀ ਪਰਮਿਟ ਪ੍ਰਕਿਰਿਆ ਤੇਜ਼ੀ ਨਾਲ ਮਿਲ ਸਕੇ। ਇਸ ਦੇ ਨਾਲ ਹੀ, ਕੈਨੇਡਾ ਨੇ ਨਾਈਜੀਰੀਆ ਸਟੂਡੈਂਟ ਐਕਸਪ੍ਰੈਸ (NSE) ਪ੍ਰੋਗਰਾਮ ਨੂੰ ਵੀ ਰੱਦ ਕਰ ਦਿੱਤਾ ਹੈ, ਜਿਸ ਨਾਲ ਹੁਣ ਨਾਈਜੀਰੀਆ ਤੋਂ ਆਉਣ ਵਾਲੇ ਬਿਨੈਕਾਰਾਂ ਨੂੰ ਸਧਾਰਨ ਅਧਿਐਨ ਪਰਮਿਟ ਰਾਹੀਂ ਹੀ ਅਰਜ਼ੀ ਦੇਣੀ ਪਵੇਗੀ।
SDS ਪ੍ਰੋਗਰਾਮ ਅੰਤਰਰਾਸ਼ਟਰੀ ਵਿਦਿਆਰਥੀਆਂ ਵਿਚ ਕਾਫ਼ੀ ਮਸ਼ਹੂਰ ਸੀ, ਕਿਉਂਕਿ ਇਸ ਦੇ ਥੱਲੇ ਕਈ ਅਰਜ਼ੀਆਂ ਹਫ਼ਤਿਆਂ ਦੇ ਅੰਦਰ ਹੀ ਪ੍ਰਵਾਨਗੀ ਹਾਸਲ ਕਰ ਲੈਂਦੀਆਂ ਸਨ, ਜਦਕਿ ਮਿਆਰੀ ਪ੍ਰਕਿਰਿਆ ਲਈ ਵਧੇਰੇ ਸਮਾਂ ਲੱਗਦਾ ਸੀ। ਪਰਮਿਟ ਪ੍ਰਕਿਰਿਆ ਨੂੰ ਤੇਜ਼ ਕਰਨ ਲਈ, ਬਿਨੈਕਾਰਾਂ ਨੂੰ SDS ਦੇ ਅਨੁਸਾਰ ਕੈਨੇਡੀਅਨ ਬੈਂਕ ਵਿੱਚ $20,635 CAD ਦਾ ਗਾਰੰਟੀਡ ਇਨਵੈਸਟਮੈਂਟ ਸਰਟੀਫਿਕੇਟ (GIC) ਦਿਖਾਉਣਾ ਲਾਜ਼ਮੀ ਸੀ ਅਤੇ ਅੰਗਰੇਜ਼ੀ ਜਾਂ ਫਰਾਂਸੀਸੀ ਭਾਸ਼ਾ ਟੈਸਟ ਦੇ ਨਿਰਧਾਰਿਤ ਸਕੋਰ ਵੀ ਜਮ੍ਹਾਂ ਕਰਨੇ ਪੈਂਦੇ ਸਨ।
ਕੈਨੇਡਾ ਦੇ ਇਮੀਗ੍ਰੇਸ਼ਨ ਵਿਭਾਗ ਨੇ ਕਿਹਾ ਹੈ ਕਿ ਇਹ ਤਬਦੀਲੀਆਂ ਬਿਨੈਕਾਰਾਂ ਦੀ ਵਧਦੀ ਗਿਣਤੀ ਅਤੇ ਸਰਕਾਰੀ ਸੇਵਾਵਾਂ ‘ਤੇ ਪੈ ਰਹੇ ਦਬਾਅ ਨੂੰ ਸੰਭਾਲਣ ਦੇ ਯਤਨਾਂ ਦਾ ਹਿੱਸਾ ਹਨ। ਸਰਕਾਰੀ ਅੰਕੜਿਆਂ ਅਨੁਸਾਰ, 2023 ਵਿੱਚ ਕੈਨੇਡਾ ਵਿੱਚ ਰਿਕਾਰਡ 807,000 ਵਿਦਿਆਰਥੀ ਸਟੱਡੀ ਪਰਮਿਟ ਰਾਹੀਂ ਸਿੱਖਿਆ ਪ੍ਰਾਪਤ ਕਰ ਰਹੇ ਸਨ। ਇਸ ਵਧ ਰਹੀ ਸੰਖਿਆ ਕਾਰਨ ਰਿਹਾਇਸ਼ ਦੀ ਘਾਟ, ਸਿਹਤ, ਅਤੇ ਹੋਰ ਜਨਤਕ ਸੇਵਾਵਾਂ ‘ਤੇ ਦਬਾਅ ਬਣਿਆ ਹੋਇਆ ਹੈ।
ਇਹ ਨਵਾਂ ਫ਼ੈਸਲਾ ਅਜਿਹਾ ਹੈ ਜਿਸ ਤੋਂ ਬਾਅਦ ਕਈ ਬਿਨੈਕਾਰਾਂ ਲਈ ਕੈਨੇਡਾ ਵਿੱਚ ਸਿੱਖਿਆ ਹਾਸਲ ਕਰਨਾ ਔਖਾ ਹੋਵੇਗਾ।