ਸਰਕਾਰ ਨੇ ਇਸ ਸਾਲ ਇੰਮੀਗ੍ਰੇਸ਼ਨ ਪ੍ਰਕਿਰਿਆ ਵਿਚ ਵਧੇਰੇ ਮੰਗ ਦੇ ਮੌਜੂਦਾ ਹਾਲਾਤਾਂ ਦੇ ਬਾਵਜੂਦ 3 ਲੱਖ 80 ਹਜ਼ਾਰ ਨਵੇਂ ਪਰਮਾਨੈਂਟ ਰੈਜ਼ੀਡੈਂਟਸ ਦਾ ਸਵਾਗਤ ਕੀਤਾ ਹੈ ਅਤੇ ਲਗਭਗ 2 ਲੱਖ ਲੋਕਾਂ ਨੂੰ ਕੈਨੇਡੀਅਨ ਸਿਟੀਜ਼ਨਸ਼ਿਪ ਹਾਸਲ ਹੋਈ ਹੈ। ਇਹਨਾਂ ਨੰਬਰਾਂ ਦੇ ਨਾਲ, ਇੰਮੀਗ੍ਰੇਸ਼ਨ, ਸਿਟੀਜ਼ਨਸ਼ਿਪ ਕੈਨੇਡਾ (IRCC) ਨੇ ਇਸ ਵਰ੍ਹੇ ਦੌਰਾਨ 6 ਲੱਖ 55 ਹਜ਼ਾਰ ਸਟੱਡੀ ਵੀਜ਼ੇ ਅਤੇ 9 ਲੱਖ 74 ਹਜ਼ਾਰ ਵਰਕ ਪਰਮਿਟਸ ਦਾ ਨਿਪਟਾਰਾ ਕੀਤਾ ਹੈ, ਜਿਸ ਵਿਚ ਨਵੇਂ ਵੀਜ਼ੇ ਦੇਣ ਤੋਂ ਇਲਾਵਾ, ਮੌਜੂਦਾ ਵਰਕ ਪਰਮਿਟਸ ਦੇ ਵਾਧੇ ਦੀਆਂ ਅਰਜ਼ੀਆਂ ਵੀ ਸ਼ਾਮਲ ਹਨ।
ਸਰਕਾਰੀ ਅੰਕੜਿਆਂ ਅਨੁਸਾਰ, ਸਤੰਬਰ 2024 ਦੇ ਅੰਤ ਤੱਕ ਕੈਨੇਡਾ ਦੇ ਇੰਮੀਗ੍ਰੇਸ਼ਨ ਸਿਸਟਮ ਵਿੱਚ 24 ਲੱਖ 50 ਹਜ਼ਾਰ ਤੋਂ ਵੱਧ ਅਰਜ਼ੀਆਂ ਵਿਚਾਰ ਅਧੀਨ ਸਨ, ਜਿਸ ਵਿਚੋਂ 11 ਲੱਖ ਤੋਂ ਵੱਧ ਅਰਜ਼ੀਆਂ ਦੇ ਨਿਪਟਾਰੇ ਦੀ ਸਮਾਂ ਸੀਮਾ ਲੰਘ ਚੁੱਕੀ ਸੀ। ਮੌਜੂਦਾ ਹਾਲਾਤਾਂ ਵਿੱਚ, ਇੰਮੀਗ੍ਰੇਸ਼ਨ ਅਰਜ਼ੀਆਂ ਦਾ ਬੈਕਲਾਗ ਜੁਲਾਈ ਤੋਂ ਅਗਸਤ ਦੇ ਵਿਚਕਾਰ 7.6% ਵਧ ਕੇ 10 ਲੱਖ 78 ਹਜ਼ਾਰ ਤੋਂ ਵੱਧ ਹੋ ਗਿਆ ਅਤੇ ਸਤੰਬਰ ਵਿਚ ਇਹ ਅੰਕੜਾ ਲਗਭਗ 11 ਲੱਖ ਤੱਕ ਪਹੁੰਚ ਗਿਆ। ਇਸ ਬੈਕਲਾਗ ਵਿਚ ਉਹਨਾਂ ਅਰਜ਼ੀਆਂ ਨੂੰ ਵੀ ਗਿਣਿਆ ਗਿਆ ਹੈ ਜਿਹੜੀਆਂ ਸਮਾਂ ਸੀਮਾ ਦੇ ਅੰਦਰ ਪ੍ਰੋਸੈਸ ਨਹੀਂ ਕੀਤੀਆਂ ਗਈਆਂ।
ਇਹ ਵੀ ਜ਼ਿਕਰਯੋਗ ਹੈ ਕਿ ਕੈਨੇਡੀਅਨ ਸਰਕਾਰ ਨੇ ਐਕਸਪ੍ਰੈਸ ਐਂਟਰੀ ਅਤੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਲਈ ਮੰਗ ਵਧਣ ਦੇ ਕਾਰਨ 22% ਬੈਕਲਾਗ ਦਾ ਸਾਹਮਣਾ ਕੀਤਾ, ਜਦਕਿ ਸਪਾਊਜ਼ ਵੀਜ਼ੇ ਦੇ ਮਾਮਲੇ ਵਿਚ ਇਹ ਦਰਘੱਟ 14% ਦਰਜ ਕੀਤੀ ਗਈ। ਕੈਨੇਡਾ ਨੇ ਹਾਲ ਹੀ ਵਿਚ ਮਲਟੀਪਲ ਐਂਟਰੀ ਵਿਜ਼ਟਰ ਵੀਜ਼ਾ ਨੂੰ ਵੀ ਰੱਦ ਕਰਦਿਆਂ ਸਿੰਗਲ ਐਂਟਰੀ ਵਿਜ਼ੇ ਨੂੰ ਤਰਜੀਹ ਦਿੱਤੀ ਹੈ। ਇਸ ਤੋਂ ਇਲਾਵਾ, ਸਟੱਡੀ ਵੀਜ਼ਾ ਦੇ ਫਾਸਟ-ਟ੍ਰੈਕ ‘ਸਟੂਡੈਂਟ ਡਾਇਰੈਕਟ ਸਟ੍ਰੀਮ’ ਪ੍ਰੋਗਰਾਮ ਨੂੰ ਵੀ ਰੋਕ ਲਗਾ ਦਿੱਤੀ ਗਈ ਹੈ, ਜਿਸ ਦਾ ਸਿੱਧਾ ਪ੍ਰਭਾਵ ਭਾਰਤ ਦੇ ਵਿਦਿਆਰਥੀਆਂ ‘ਤੇ ਪਵੇਗਾ, ਜੋ ਹੁਣ ਤੇਜ਼ੀ ਨਾਲ ਅਪ੍ਰੂਵਲ ਦੀ ਉਮੀਦ ਰੱਖਦੇ ਸਨ।
ਇੰਮੀਗ੍ਰੇਸ਼ਨ ਵਿਭਾਗ ਦੇ ਅਨੁਸਾਰ, ਉਹਨਾਂ ਦੀ ਕੋਸ਼ਿਸ ਰਹਿੰਦੀ ਹੈ ਕਿ 80% ਅਰਜ਼ੀਆਂ ਨੂੰ ਸਮੇਂ ਸਿਰ ਨਿਪਟਾਇਆ ਜਾਵੇ, ਪਰ ਕੁਝ ਗੁੰਝਲਦਾਰ ਮਾਮਲਿਆਂ ਕਾਰਨ 20% ਅਰਜ਼ੀਆਂ ਲਈ ਵਾਧੂ ਸਮਾਂ ਲੱਗ ਰਿਹਾ ਹੈ।