ਕੈਨੇਡਾ ਦੇ ਮਿਸੀਸਾਗਾ ਅਤੇ ਬਰੈਂਪਟਨ ਇਲਾਕਿਆਂ ਵਿਚ ਧਾਰਮਿਕ ਸਥਾਨਾਂ ਲਈ ਕੋਈ ਸਿੱਧਾ ਖਤਰਾ ਨਹੀਂ ਹੈ, ਇਸ ਗੱਲ ਦੀ ਪੁਸ਼ਟੀ ਪੀਲ ਰੀਜਨਲ ਪੁਲਿਸ ਨੇ ਕੀਤੀ ਹੈ। ਸਥਾਨਕ ਕਮਿਊਨਿਟੀ ਵਿਚ ਅਮਨ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਪੁਲਿਸ ਵੱਲੋਂ ਸਥਾਨਕ ਆਗੂਆਂ, ਵੱਖ-ਵੱਖ ਸੰਗਠਨਾਂ ਅਤੇ ਭਾਈਚਾਰੇ ਨਾਲ ਗੱਲਬਾਤ ਜਾਰੀ ਹੈ।
ਪੀਲ ਰੀਜਨਲ ਪੁਲਿਸ ਨੇ ਆਪਣੇ ਬਿਆਨ ਵਿੱਚ ਦੱਸਿਆ ਹੈ ਕਿ ਲੋਕਾਂ ਦੀ ਸੁਰੱਖਿਆ ਲਈ ਧਾਰਮਿਕ ਸਥਾਨਾਂ ਦੇ ਆਲੇ-ਦੁਆਲੇ ਪੁਲਿਸ ਦੀ ਮੌਜੂਦਗੀ ਵਧਾ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਇਹ ਸਿਰਫ਼ ਸੁਰੱਖਿਆ ਦੇ ਕਦਮ ਹਨ ਅਤੇ ਇਸ ਸਮੇਂ ਧਾਰਮਿਕ ਸਥਾਨਾਂ ਲਈ ਕੋਈ ਸਿੱਧਾ ਖਤਰਾ ਦਰਪੇਸ਼ ਨਹੀਂ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਉਹ ਭਾਈਚਾਰੇ ਦੇ ਆਗੂਆਂ ਅਤੇ ਭਾਰਤ ਦੇ ਕੌਂਸਲ ਜਨਰਲ ਨਾਲ ਨਿਰੰਤਰ ਸੰਪਰਕ ਵਿਚ ਹਨ ਤਾਂ ਜੋ ਕਿਸੇ ਵੀ ਸਮਭਾਵਤ ਖਤਰੇ ਦਾ ਮੁਕਾਬਲਾ ਕੀਤਾ ਜਾ ਸਕੇ।
ਹਾਲ ਹੀ ਵਿੱਚ ਆਈ ਇੱਕ ਵੀਡੀਓ ਵਿਚ ਬਰੈਂਪਟਨ ਅਤੇ ਮਿਸੀਸਾਗਾ ਦੇ ਹਿੰਦੂ ਮੰਦਰਾਂ ਦੇ ਬਾਹਰ ਰੋਸ ਪ੍ਰਗਟਾਵਾ ਕਰਨ ਦਾ ਐਲਾਨ ਕੀਤਾ ਗਿਆ ਸੀ, ਜਿਸ ਮਗਰੋਂ ਪੀਲ ਰੀਜਨਲ ਪੁਲਿਸ ਨੇ ਆਪਣਾ ਬਿਆਨ ਜਾਰੀ ਕੀਤਾ। 16 ਅਤੇ 17 ਨਵੰਬਰ ਨੂੰ ਮਿਸੀਸਾਗਾ ਦੇ ਕਾਲੀਬਾੜੀ ਮੰਦਰ ਅਤੇ ਬਰੈਂਪਟਨ ਦੇ ਤ੍ਰਿਵੇਣੀ ਮੰਦਰ ਦੇ ਬਾਹਰ ਰੋਸ ਪ੍ਰਦਰਸ਼ਨ ਹੋਣੇ ਹਨ। ਇਨ੍ਹਾਂ ਪ੍ਰਦਰਸ਼ਨਾਂ ਦੇ ਮੱਦੇਨਜ਼ਰ, ਤ੍ਰਿਵੇਣੀ ਮੰਦਰ ਦੀ ਪ੍ਰਬੰਧਕ ਕਮੇਟੀ ਨੇ 17 ਨਵੰਬਰ ਨੂੰ ਲੱਗਣ ਵਾਲਾ ਕੌਂਸਲਰ ਕੈਂਪ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ, ਅਤੇ ਕਾਲੀਬਾੜੀ ਮੰਦਰ ਨੇ ਵੀ 16 ਨਵੰਬਰ ਦੇ ਸਮਾਗਮ ਨੂੰ ਰੱਦ ਕਰ ਦਿੱਤਾ ਹੈ।
ਇਸਦੇ ਨਾਲ ਹੀ ਕੁਝ ਭਾਰਤੀ ਮੀਡੀਆ ਰਿਪੋਰਟਾਂ ‘ਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਸੁਰੱਖਿਆ ਪ੍ਰਬੰਧਾਂ ਲਈ ਪੀਲ ਪੁਲਿਸ ਵੱਲੋਂ ਮੰਦਰਾਂ ਤੋਂ ਮੁਆਵਜ਼ੇ ਦੇ ਰੂਪ ਵਿੱਚ ਕਾਫ਼ੀ ਰਕਮ ਦੀ ਮੰਗ ਕੀਤੀ ਗਈ ਹੈ। ਹਾਲਾਂਕਿ, ਇਸ ਦੇ ਉਲਟ ‘ਕੋਲੀਸ਼ਨ ਆਫ਼ ਹਿੰਦੂਜ਼ ਆਫ ਨੌਰਥ ਅਮੈਰਿਕਾ’ ਵੱਲੋਂ ਪੀਲ ਪੁਲਿਸ ਦੇ ਉਪਰ ਕੈਨੇਡੀਅਨ ਹਿੰਦੂਆਂ ਦੇ ਹੱਕਾਂ ਦੀ ਰਾਖੀ ਨਾ ਕਰਨ ਦੇ ਦੋਸ਼ ਵੀ ਲਗਾਏ ਗਏ ਹਨ।
ਪੁਲਿਸ ਨੇ ਆਪਣੇ ਬਿਆਨ ਦੇ ਅਖੀਰ ਵਿਚ ਸਾਫ਼ ਕੀਤਾ ਹੈ ਕਿ ਉਹ ਭਾਈਚਾਰੇ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੂਰੇ ਯਤਨ ਕਰ ਰਹੇ ਹਨ ਅਤੇ ਇਹ ਉਨ੍ਹਾਂ ਦੀ ਜ਼ਿੰਮੇਵਾਰੀ ਹੈ ਕਿ ਸਾਰੇ ਵਸਨੀਕਾਂ ਨੂੰ ਭਰੋਸਾ ਦਿਵਾਇਆ ਜਾਵੇ ਕਿ ਮਿਸੀਸਾਗਾ ਅਤੇ ਬਰੈਂਪਟਨ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਲਈ ਉਨ੍ਹਾਂ ਵੱਲੋਂ ਹਰ ਸੰਭਾਵੀ ਕਦਮ ਚੁੱਕਿਆ ਜਾ ਰਿਹਾ ਹੈ।