ਓਟਵਾ ਵਿੱਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਵਪਾਰ ਨੂੰ ਰੋਕਣ ਲਈ ਚੱਲ ਰਹੇ ਇੱਕ ਵਿਸ਼ੇਸ਼ ਅਭਿਆਨ ਤਹਿਤ 18 ਮਹੀਨੇ ਦੀ ਜਾਂਚ ਦੇ ਮਗਰੋਂ 17 ਵਿਅਕਤੀਆਂ ‘ਤੇ 149 ਆਪਰਾਧਿਕ ਚਾਰਜ ਲਗਾਏ ਗਏ ਹਨ। ਓਟਵਾ ਪੁਲਿਸ ਸਰਵਿਸ ਅਤੇ ਓਂਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ “ਪ੍ਰੋਜੈਕਟ ਚੈਂਪੀਅਨ” ਨਾਮਕ ਇਸ ਕਾਰਵਾਈ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਕਾਰਵਾਈ ਨਸ਼ੀਲੇ ਪਦਾਰਥਾਂ ਦੇ ਵਪਾਰ ਨਾਲ ਜੁੜੇ ਹਿੰਸਕ ਗੈਂਗਸ ਨੂੰ ਟਾਰਗਟ ਕਰਨ ਲਈ ਕੀਤੀ ਗਈ ਸੀ।
ਓਟਵਾ ਪੁਲਿਸ ਦੇ ਚੀਫ਼ ਐਰਿਕ ਸਟਬਸ ਨੇ ਦੱਸਿਆ ਕਿ ਪ੍ਰੋਜੈਕਟ ਚੈਂਪੀਅਨ ਦਾ ਮਕਸਦ ਓਟਵਾ ਖੇਤਰ ਵਿੱਚ ਗੈਰਕਾਨੂੰਨੀ ਨਸ਼ੀਲੇ ਪਦਾਰਥਾਂ ਦੇ ਸਪਲਾਈ ਚੈਨ ‘ਤੇ ਨਜਰ ਰੱਖਦੇ ਹੋਏ ਅਜਿਹੇ ਗੈਂਗਸ ਨੂੰ ਬੇਨਕਾਬ ਕਰਨਾ ਸੀ, ਜੋ ਕਿ ਖੂਨਖਰਾਬਾ ਅਤੇ ਗੋਲੀਬਾਰੀ ਵਰਗੇ ਹਿੰਸਕ ਅਪਰਾਧਾਂ ਵਿੱਚ ਸ਼ਾਮਲ ਹਨ।
ਇਸ ਜਾਂਚ ਦੌਰਾਨ ਪੁਲਿਸ ਨੇ 6.5 ਕਿਲੋਗ੍ਰਾਮ ਕੋਕੀਨ, ਕੁਝ ਕਰੈਕ ਕੋਕੀਨ ਅਤੇ ਪੰਜ ਗੰਨਜ਼ ਵੀ ਕਬਜ਼ੇ ਵਿੱਚ ਲਿਆ ਹੈ। ਪੁਲਿਸ ਅਧਿਕਾਰੀਆਂ ਮੁਤਾਬਕ, ਇਹ ਸਮਾਨ ਸੁਰਗਰਮ ਨੈੱਟਵਰਕ ਨਾਲ ਸੰਬੰਧਤ ਅਪਰਾਧਿਕ ਗਤੀਵਿਧੀਆਂ ਦੇ ਇੱਕ ਹਿੱਸੇ ਦੇ ਰੂਪ ਵਿੱਚ ਫੜਿਆ ਗਿਆ ਹੈ।