ਐਡਮਿੰਟਨ ਸ਼ਹਿਰ ਵਿੱਚ ਇਕ ਦਰਦਨਾਕ ਘਟਨਾ ਵਿੱਚ 20 ਸਾਲਾ ਹਰਸ਼ਦੀਪ ਸਿੰਘ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਭਾਰਤ ਤੋਂ ਕੈਨੇਡਾ ਆਏ ਇਹ ਨੌਜਵਾਨ ਸਿਰਫ਼ ਤਿੰਨ ਦਿਨ ਪਹਿਲਾਂ ਸੁਰੱਖਿਆ ਗਾਰਡ ਦੀ ਨੌਕਰੀ ‘ਤੇ ਲੱਗਾ ਸੀ। ਐਤਵਾਰ ਨੂੰ ਹਰਸ਼ਦੀਪ ਦਾ ਪਾਰਥਿਵ ਸ਼ਰੀਰ ਉਸ ਦੇ ਪਰਿਵਾਰ ਦੀ ਮੰਗ ‘ਤੇ ਭਾਰਤ ਭੇਜ ਦਿੱਤਾ ਗਿਆ, ਜਿਥੇ ਉਸ ਦਾ ਅੰਤਿਮ ਸੰਸਕਾਰ ਕੀਤਾ ਗਿਆ। ਕੈਨੇਡਾ ਵਿੱਚ ਹਰਸਦੀਪ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ, ਜੋ ਕਿ ਇਸ ਦੀ ਘਾਤਕ ਘਟਨਾ ‘ਤੇ ਸਰਕਾਰੀ ਫਰਜ਼ ਨੂੰ ਦਰਸਾਉਂਦਾ ਹੈ।
ਐਡਮਿੰਟਨ ਪੁਲਿਸ ਵੱਲੋਂ ਘਟਨਾ ਦੀ ਪੁਸ਼ਟੀ ਕੀਤੀ ਗਈ ਹੈ। 6 ਦਸੰਬਰ ਨੂੰ ਦੁਪਹਿਰ 12:30 ਵਜੇ ਦੇ ਕਰੀਬ 106 ਸਟਰੀਟ ਅਤੇ 107 ਐਵੇਨਿਊ ‘ਤੇ ਮੌਜੂਦ ਇੱਕ ਅਪਾਰਟਮੈਂਟ ਬਿਲਡਿੰਗ ਵਿੱਚ ਗੋਲੀਬਾਰੀ ਦੀ ਜਾਣਕਾਰੀ ਮਿਲੀ। ਹਰਸ਼ਦੀਪ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਸੁਰੱਖਿਆ ਕੈਮਰਿਆਂ ਦੀ ਜਾਂਚ ਦੌਰਾਨ ਘਟਨਾ ਦੀ ਪੂਰੀ ਵੀਡੀਓ ਸਾਹਮਣੇ ਆਈ ਹੈ। ਇਸ ‘ਚ ਦਿਖਾਈ ਦਿੰਦਾ ਹੈ ਕਿ ਦੋਸ਼ੀ, ਜੋ ਕਿ ਇੱਕ ਕੈਨੇਡੀਅਨ ਨਾਗਰਿਕ ਹੈ, ਹਰਸ਼ਦੀਪ ਨੂੰ ਪੌੜੀਆਂ ਤੋਂ ਹੇਠਾਂ ਸੁੱਟ ਕੇ ਉਸ ਦੀ ਪਿੱਠ ‘ਤੇ ਗੋਲੀ ਮਾਰਦਾ ਹੈ। ਪੁਲਿਸ ਨੇ ਦੋਸ਼ੀਆਂ – ਇਵਾਨ ਰੇਨ ਅਤੇ ਜੂਡਿਥ ਸਾਲਟੋ – ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ‘ਤੇ ਕਤਲ ਦਾ ਦੋਸ਼ ਲਗਾਇਆ ਗਿਆ ਹੈ।
ਹਰਸ਼ਦੀਪ NorQuest ਕਾਲਜ ਦਾ ਵਿਦਿਆਰਥੀ ਸੀ ਅਤੇ ਕੰਮ ਕਰ ਕੇ ਆਪਣੇ ਖਰਚੇ ਪੂਰੇ ਕਰ ਰਿਹਾ ਸੀ। ਇਸ ਹਾਦਸੇ ਨੇ ਕੈਨੇਡੀਅਨ ਪੰਜਾਬੀ ਕਮਿਊਨਿਟੀ ‘ਚ ਗੁੱਸਾ ਅਤੇ ਸੋਗ ਦੀ ਲਹਿਰ ਪੈਦਾ ਕਰ ਦਿੱਤੀ ਹੈ। ਇਸ ਦੇ ਨਾਲ ਹੀ, ਕੈਨੇਡਾ ‘ਚ ਵਿਦਿਆਰਥੀਆਂ ਦੀ ਸੁਰੱਖਿਆ ਬਾਰੇ ਵੀ ਨਵੇਂ ਸਵਾਲ ਉੱਠ ਰਹੇ ਹਨ।
ਪੁਲਿਸ ਵੱਲੋਂ ਇਸ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਅਤੇ ਉਮੀਦ ਕੀਤੀ ਜਾ ਰਹੀ ਹੈ ਕਿ ਨਿਆਂ ਦੇ ਪੁਰੇ ਪ੍ਰੋਸੈਸ ਤਹਿਤ ਦੋਸ਼ੀਆਂ ਨੂੰ ਸਜ਼ਾ ਮਿਲੇਗੀ।