ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ |
ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਦੀ ਅਜੋਕੀ ਸਥਿਤੀ ‘ਤੇ ਅਹਿਮ ਸੰਵਾਦ
ਦੂਜੇ ਸੈਸ਼ਨ ‘ਚ ਕਵੀ-ਦਰਬਾਰ ਸਜਿਆ !
ਲਹਿੰਦੇ ਪੰਜਾਬ ‘ਚ Punjabi language ਦੀ ਸਥਿਤੀ ‘ਤੇ ਟੋਰਾਂਟੋ ‘ਚ ਸੰਵਾਦ |
ਬਰੈਂਪਟਨ (ਡਾ. ਝੰਡ) — ਲੰਘੇ ਐਤਵਾਰ, 18 ਜਨਵਰੀ ਨੂੰ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਲਾਹੌਰ ਤੋਂ ਪ੍ਰਸਿੱਧ ਪੰਜਾਬੀ ਕਾਰਕੁਨ ਅਹਿਮਦ ਰਜ਼ਾ ‘ਪੰਜਾਬੀ’ ਨਾਲ ਜ਼ੂਮ ਮਾਧਿਅਮ ਰਾਹੀਂ ਇੱਕ ਅਹਿਮ ਸੰਵਾਦ ਰਚਾਇਆ ਗਿਆ। ਇਸ ਸੰਵਾਦ ਦਾ ਵਿਸ਼ਾ ਲਹਿੰਦੇ ਪੰਜਾਬ ਵਿੱਚ ਪੰਜਾਬੀ ਮਾਂ-ਬੋਲੀ ਦੀ ਮੌਜੂਦਾ ਸਥਿਤੀ, ਇਸ ਦੇ ਪ੍ਰਚਾਰ-ਪਸਾਰ ਅਤੇ ਇਸ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਲਾਗੂ ਕਰਵਾਉਣ ਸਬੰਧੀ ਜੱਦੋ-ਜਹਿਦ ਸੀ।
ਟੋਰਾਂਟੋ ਸਮੇਂ ਅਨੁਸਾਰ ਸਵੇਰੇ 9:30 ਵਜੇ ਸ਼ੁਰੂ ਹੋਏ ਇਸ ਜ਼ੂਮ-ਸਮਾਗਮ ਨਾਲ ਸਭਾ ਦੇ ਮੈਂਬਰਾਂ ਤੋਂ ਇਲਾਵਾ ਟੋਰਾਂਟੋ, ਲਾਹੌਰ ਅਤੇ ਲਹਿੰਦੇ ਪੰਜਾਬ ਦੇ ਹੋਰ ਕਈ ਸ਼ਹਿਰਾਂ ਤੋਂ ਪੰਜਾਬੀ ਬੁੱਧੀਜੀਵੀ ਅਤੇ ਸਾਹਿਤ-ਪ੍ਰੇਮੀ ਜੁੜੇ।
ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸੰਘਾ ਨੇ ਮੁੱਖ ਬੁਲਾਰੇ ਅਹਿਮਦ ਰਜ਼ਾ ‘ਪੰਜਾਬੀ’, ਮਹਿਮਾਨਾਂ ਅਤੇ ਹਾਜ਼ਰੀਨ ਨੂੰ ਭਾਵਪੂਰਤ ਸ਼ਬਦਾਂ ਵਿੱਚ ਜੀ-ਆਇਆਂ ਆਖਿਆ। ਇਸ ਉਪਰੰਤ ਸਭਾ ਦੀ ਕਾਰਜਕਾਰਨੀ ਕਮੇਟੀ ਦੇ ਮੈਂਬਰ ਡਾ. ਸੁਖਦੇਵ ਸਿੰਘ ਝੰਡ ਨੇ ਅਹਿਮਦ ਰਜ਼ਾ ਅਤੇ ਉਨ੍ਹਾਂ ਦੀ ਸੰਸਥਾ ‘ਪੰਜਾਬੀ ਪ੍ਰਚਾਰ’ ਵੱਲੋਂ ਲਹਿੰਦੇ ਪੰਜਾਬ ਵਿੱਚ ਪੰਜਾਬੀ ਬੋਲੀ ਅਤੇ ਸੱਭਿਆਚਾਰ ਦੇ ਪ੍ਰਚਾਰ ਲਈ ਕੀਤੇ ਜਾ ਰਹੇ ਯਤਨਾਂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕੀਤੀ। ਮੰਚ-ਸੰਚਾਲਕ ਪ੍ਰੋ. ਤਲਵਿੰਦਰ ਮੰਡ ਨੇ ਫਿਰ ਅਹਿਮਦ ਰਜ਼ਾ ਨੂੰ ਵਿਸਥਾਰ ਨਾਲ ਆਪਣੀ ਗੱਲ ਰੱਖਣ ਲਈ ਸੱਦਾ ਦਿੱਤਾ।
ਅਹਿਮਦ ਰਜ਼ਾ ‘ਪੰਜਾਬੀ’ ਦਾ ਸੰਬੋਧਨ
ਆਪਣੇ ਸੰਬੋਧਨ ਵਿੱਚ ਅਹਿਮਦ ਰਜ਼ਾ ਨੇ ਕਿਹਾ ਕਿ ਉਹ ਇੱਕ ਪੰਜਾਬੀ ਹੋਣ ਦੇ ਨਾਤੇ ਪੰਜਾਬੀ ਮਾਂ-ਬੋਲੀ ਦੀ ਤਰੱਕੀ ਲਈ ਪਿਛਲੇ ਕਈ ਸਾਲਾਂ ਤੋਂ ਆਪਣੇ ਸਾਥੀਆਂ ਨਾਲ ਮਿਲ ਕੇ ਸਰਗਰਮ ਹਨ। ਉਨ੍ਹਾਂ ਦੱਸਿਆ ਕਿ ਇਹ ਗੁਰੂ ਨਾਨਕ ਅਤੇ ਬਾਬਾ ਬੁੱਲ੍ਹੇ ਸ਼ਾਹ ਦੀ ਬੋਲੀ ਹੈ, ਜੋ ਲਹਿੰਦੇ ਪੰਜਾਬ ਦੇ ਲਗਭਗ 12 ਕਰੋੜ ਲੋਕ ਬੋਲਦੇ ਹਨ, ਪਰ ਸਰਕਾਰੀ ਪੱਧਰ ‘ਤੇ ਇਸਨੂੰ ਯੋਗ ਮਾਨਤਾ ਨਹੀਂ ਮਿਲੀ ਕਿਉਂਕਿ ਉਰਦੂ ਹਾਵੀ ਹੈ।
ਉਨ੍ਹਾਂ ਨੇ 13 ਸਾਲ ਪਹਿਲਾਂ ਆਪਣਾ ਯੂਟਿਊਬ ਚੈਨਲ ‘ਪੰਜਾਬੀ ਪ੍ਰਚਾਰ ਟੀਵੀ’ ਸ਼ੁਰੂ ਕੀਤਾ, ਜਿਸ ਰਾਹੀਂ ਪੰਜਾਬੀ ਬੋਲੀ ਅਤੇ ਸੱਭਿਆਚਾਰ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ। ਹੌਲੀ-ਹੌਲੀ ਇਹ ਯਤਨ ਇੱਕ ਵਿਧੀਬੱਧ ਸੰਸਥਾ ਦੇ ਰੂਪ ਵਿੱਚ ਸਾਹਮਣੇ ਆਇਆ, ਜਿਸ ਨੇ 2016 ਵਿੱਚ ਪੰਜਾਬੀ ਨੂੰ ਸਕੂਲਾਂ ਵਿੱਚ ਲਾਜ਼ਮੀ ਵਿਸ਼ੇ ਵਜੋਂ ਪੜ੍ਹਾਉਣ ਦੀ ਮੰਗ ਜ਼ੋਰਸ਼ੋਰ ਨਾਲ ਉਠਾਈ।
ਉਨ੍ਹਾਂ ਦੱਸਿਆ ਕਿ ਹੁਣ ਪੰਜਾਬ ਸਰਕਾਰ ਵੱਲੋਂ ਸਕੂਲਾਂ ਵਿੱਚ ਪੰਜਾਬੀ ਪੜ੍ਹਾਉਣ ਸਬੰਧੀ ਫੈਸਲੇ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ ਅਤੇ ਪੰਜਾਬੀ ਅਧਿਆਪਕਾਂ ਦੀ ਭਰਤੀ ਵੀ ਹੋ ਰਹੀ ਹੈ। ਇਸ ਦੇ ਨਾਲ ਹੀ ਸੜਕਾਂ ਉੱਤੇ ਪੰਜਾਬੀ ਵਿੱਚ ਸਾਈਨ-ਬੋਰਡ ਲਗਾਏ ਜਾ ਰਹੇ ਹਨ।
ਹਰ ਸਾਲ 21 ਫਰਵਰੀ ਨੂੰ ਅੰਤਰਰਾਸ਼ਟਰੀ ਭਾਸ਼ਾ ਦਿਵਸ ਮੌਕੇ ਲਾਹੌਰ ਪ੍ਰੈੱਸ ਕਲੱਬ ਦੇ ਸਹਿਯੋਗ ਨਾਲ ‘ਪੰਜਾਬੀ ਭਾਸ਼ਾ ਦਿਵਸ’ ਮਨਾਇਆ ਜਾਂਦਾ ਹੈ, ਜਿਸ ਦੌਰਾਨ ਪੰਜਾਬੀ ਬੋਲੀ ਦੇ ਹੱਕ ‘ਚ ਜਲੂਸ ਵੀ ਕੱਢਿਆ ਜਾਂਦਾ ਹੈ। ਇਸ ਤੋਂ ਇਲਾਵਾ ਲੋਹੜੀ, ਬਾਬਾ ਬੁੱਲ੍ਹੇ ਸ਼ਾਹ ਫੈਸਟੀਵਲ ਅਤੇ ਪੰਜਾਬੀ ਕਲਚਰਲ ਡੇਅ ਵੀ ਹਰ ਸਾਲ ਮਨਾਏ ਜਾਂਦੇ ਹਨ।
ਉਨ੍ਹਾਂ ਇਹ ਵੀ ਦੱਸਿਆ ਕਿ ਪਿਛਲੇ ਤਿੰਨ ਸਾਲਾਂ ਵਿੱਚ ਤਿੰਨ ਵਰਲਡ ਪੰਜਾਬੀ ਕਾਨਫਰੰਸਾਂ ਕਰਵਾਈਆਂ ਗਈਆਂ ਹਨ, ਜਿਨ੍ਹਾਂ ‘ਚ ਕੈਨੇਡਾ, ਅਮਰੀਕਾ, ਇੰਗਲੈਂਡ, ਆਸਟਰੇਲੀਆ ਅਤੇ ਨਿਊਜ਼ੀਲੈਂਡ ਤੋਂ ਵੱਡੀ ਗਿਣਤੀ ਵਿੱਚ ਪੰਜਾਬੀਆਂ ਨੇ ਹਿੱਸਾ ਲਿਆ। ਵਾਹਗਾ ਸਰਹੱਦ ਬੰਦ ਹੋਣ ਕਾਰਨ ਇਸ ਵਾਰ ਚੜ੍ਹਦੇ ਪੰਜਾਬ ਤੋਂ ਹਾਜ਼ਰੀ ਸੰਭਵ ਨਾ ਹੋ ਸਕੀ।
ਸੁਆਲ-ਜਵਾਬ ਸੈਸ਼ਨ
ਸੁਆਲ-ਜਵਾਬ ਦੌਰਾਨ ਪ੍ਰੋ. ਆਸ਼ਿਕ ਰਹੀਲ, ਪ੍ਰੋ. ਮਜ਼ਹਰ ਉੱਲਾਹ ਕੁਰੈਸ਼ੀ, ਮੇਜਰ ਮਾਂਗਟ, ਪ੍ਰੋ. ਜਗੀਰ ਸਿੰਘ ਕਾਹਲੋਂ, ਡਾ. ਗੁਰਬਖ਼ਸ਼ ਸਿੰਘ ਭੰਡਾਲ, ਬਲਰਾਜ ਚੀਮਾ ਆਦਿ ਨੇ ਅਹਿਮਦ ਰਜ਼ਾ ਤੋਂ ਵੱਖ-ਵੱਖ ਪੱਖਾਂ ‘ਤੇ ਸਵਾਲ ਪੁੱਛੇ, ਜਿਨ੍ਹਾਂ ਦੇ ਉਨ੍ਹਾਂ ਨੇ ਧੀਰਜ ਅਤੇ ਵਿਸਥਾਰ ਨਾਲ ਜਵਾਬ ਦਿੱਤੇ। ਸਭਾ ਦੇ ਕੋਆਰਡੀਨੇਟਰ ਮਲੂਕ ਸਿੰਘ ਕਾਹਲੋਂ ਨੇ ਸੈਸ਼ਨ ਨੂੰ ਸੁਚੱਜੇ ਢੰਗ ਨਾਲ ਸਮੇਟਿਆ।
ਦੂਜਾ ਸੈਸ਼ਨ: ਕਵੀ-ਦਰਬਾਰ
ਸਮਾਗਮ ਦੇ ਦੂਜੇ ਸੈਸ਼ਨ ਵਿੱਚ ਕਵੀ-ਦਰਬਾਰ ਸਜਿਆ, ਜਿਸ ਦੀ ਅਗਵਾਈ ਡਾ. ਜਗਮੋਹਨ ਸੰਘਾ ਨੇ ਕੀਤੀ। ਉਨ੍ਹਾਂ ਦੀ ਕਵਿਤਾ ‘ਘਰ’ ਨਾਲ ਸ਼ੁਰੂ ਹੋਏ ਇਸ ਸੈਸ਼ਨ ਵਿੱਚ ਲਹਿੰਦੇ ਪੰਜਾਬ ਤੋਂ ਰਖ਼ਸ਼ੰਦਾ ਨਵੀਦ, ਮਜ਼ਹਰ ਉੱਲਾਹ ਕੁਰੈਸ਼ੀ, ਜ਼ਹੀਰ ਉਲ ਜ਼ਹੂਰ, ਹਜ਼ਰਤ ਸ਼ਾਮ ਅਤੇ ਚੜ੍ਹਦੇ ਪੰਜਾਬ ਤੋਂ ਹਰਦਿਆਲ ਝੀਤਾ, ਸੁਰਿੰਦਰਜੀਤ ਕੌਰ, ਹਰਮੀਤ ਵਿਦਿਆਰਥੀ, ਸੁਖਵਿੰਦਰ ਆਹੀ, ਸੋਹਣ ਸਿੰਘ ਗੈਦੂ, ਤਲਵਿੰਦਰ ਸਿੰਘ ਮੰਡ, ਸੁਖਦੇਵ ਸਿੰਘ ਝੰਡ, ਇਕਬਾਲ ਬਰਾੜ ਆਦਿ ਨੇ ਆਪਣੀ ਕਵਿਤਾ ਅਤੇ ਗੀਤਾਂ ਨਾਲ ਕਾਵਿਕ ਮਾਹੌਲ ਰਚਿਆ।
ਸਮਾਗਮ ਦੇ ਅਖੀਰ ਵਿੱਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਨੇ ਮੁੱਖ ਬੁਲਾਰੇ ਅਤੇ ਸਾਰੇ ਕਵੀਆਂ ਦਾ ਧੰਨਵਾਦ ਕੀਤਾ। ਕਈ ਕਵੀ, ਲੇਖਕ ਅਤੇ ਸਾਹਿਤ-ਪ੍ਰੇਮੀ ਜੁੜਨ ਕਾਰਨ ਇਹ ਜ਼ੂਮ-ਸਮਾਗਮ ਬਹੁਤ ਸਫਲ ਰਿਹਾ।