ਰੋਹਿੰਗਿਆ ਮੁਸਲਮਾਨਾਂ ਨੇ ਫੇਸਬੁੱਕ ਦੀ ਮੂਲ ਕੰਪਨੀ ਮੈਟਾ ਪਲੇਟਫਾਰਮਸ ਦੇ ਵਿਰੁੱਧ ਮੁਕੱਦਮਾ ਦਾਇਰ ਕੀਤਾ ਹੈ। ਜਿਸ ਵਿੱਚ 15,000 ਕਰੋੜ ਡਾਲਰ ਹਰਜਾਨੇ ਦੀ ਮੰਗ ਵੀ ਕੀਤੀ ਹੈ।
ਰੋਹਿੰਗਿਆ ਮੁਸਲਮਾਨਾਂ ਨੇ ਫੇਸਬੁੱਕ ਤੇ ਦੋਸ਼ ਇਹ ਲਗਾਇਆ ਹੈ ਕਿ ਮਿਆਂਮਾਰ ਵਿੱਚ ਫੌਜੀ ਸ਼ਾਸਕਾਂ ਤੇ ਉਨ੍ਹਾਂ ਦੇ ਸਮਰਥਕਾਂ ਵੱਲੋਂ ਰੋਹਿੰਗਿਆ ਲੋਕਾਂ ਦੇ ਵਿਰੁੱਧ ਹਿੰਸਾ ਭੜਕਾਉਣ ਵਾਲੀਆਂ ਨਫਰਤ ਵਾਲੀਆਂ ਪੋਸਟਾਂ ਨੂੰ ਰੋਕਣ ਲਈ ਠੋਸ ਕਦਮ ਨਹੀਂ ਚੁੱਕੇ ਗਏ।ਦੱਸਣਯੋਗ ਇਹ ਹੈ ਕਿ ਮੁਕੱਦਮਾ ਸੋਮਵਾਰ ਨੂੰ ਕੈਲੀਫੋਰਨੀਆ ‘ਚ ਦਾਇਰ ਕੀਤਾ ਗਿਆ ਸੀ।
ਵਕੀਲਾਂ ਨੇ ਕੀ ਕਿਹਾ?
ਮੁਕੱਦਮਾ ਦਾਇਰ ਕਰਨ ਵਾਲੇ ਵਕੀਲਾਂ ਨੇ ਇਹ ਕਿਹਾ ਹੈ ਕਿ ਮਿਆਂਮਾਰ ਵਿੱਚ ਫੇਸਬੁੱਕ ਦੇ ਆਉਣ ਨਾਲ ਨਫਰਤ ਭਰੀ ਸਮੱਗਰੀ ਫੈਲੀ, ਜਿਸ ਦੇ ਕਾਰਨ ‘ਰੋਹਿੰਗਿਆ ਭਾਈਚਾਰੇ ਦੀ ਨਸਲਕੁਸ਼ੀ’ ਹੋਈ। ਸੰਯੁਕਤ ਰਾਸ਼ਟਰ ਦੇ ਮਨੁੱਖੀ ਅਧਿਕਾਰ ਮਾਹਿਰਾਂ ਨੇ 2018 ਵਿੱਚ ਹੀ ਕਿਹਾ ਸੀ ਕਿ ‘ਫੇਸਬੁੱਕ ਨਫ਼ਰਤ ਸਮੱਗਰੀ ਦੇ ਫੈਲਣ ‘ਚ ਇੱਕ ਭੂਮਿਕਾ ਸੀ।’ ਫੇਸਬੁੱਕ ਨੇ 2011 ‘ਚ ਮਿਆਂਮਾਰ ‘ਚ ਕੰਮ ਕਰਨਾ ਸ਼ੁਰੂ ਕੀਤਾ ਸੀ।
ਮੁਕੱਦਮਾ ਕਰਨ ਵਾਲੀ ਲਾਅ ਫਰਮ ਅਨੁਸਾਰ, ਹਿੰਸਾ ‘ਚ 10,000 ਤੋਂ ਵੱਧ ਰੋਹਿੰਗਿਆ ਮੁਸਲਮਾਨ ਮਾਰੇ ਗਏ ਸੀ ਤੇ 150,000 ਤੋਂ ਵੱਧ ਰੋਹਿੰਗਿਆ ਮੁਸਲਮਾਨਾਂ ਨੂੰ ਅਤਿਆਚਾਰ ਦਾ ਸ਼ਿਕਾਰ ਵੀ ਹੋਣਾ ਪਿਆ ਸੀ।ਇਹ ਮੁਕੱਦਮਾ ਹਿੰਸਾ ਭੜਕਾਉਣ ਲਈ ਫੇਸਬੁੱਕ ਦੇ ਐਲਗੋਰਿਦਮ ਨੂੰ ਦੋਸ਼ੀ ਠਹਿਰਾਉਂਦਾ ਹੈ। ਕੇਸ ‘ਚ ਕਿਹਾ ਗਿਆ ਹੈ ਕਿ ਫੇਸਬੁੱਕ ਦੇ ਐਲਗੋਰਿਦਮ ਨੇ ਰੋਹਿੰਗਿਆ ਦੇ ਖਿਲਾਫ ਨਫਰਤ ਭਰੇ ਭਾਸ਼ਣਾਂ ਨੂੰ ਪ੍ਰਸਾਰਿਤ ਕੀਤਾ ਹੈ ਤੇ ਫੇਸਬੁੱਕ ਨੇ ਇਸ ਨੂੰ ਰੋਕਣ ਲਈ ਕੋਈ ਵਿਸ਼ੇਸ਼ ਪ੍ਰਬੰਧ ਨਹੀਂ ਕੀਤੇ।
ਦੱਸ ਦਈਏ ਕਿ 2017 ਵਿੱਚ ਮਿਆਂਮਾਰ ਵਿੱਚ ਹਿੰਸਾ ਅਤੇ ਦਮਨ ਤੋਂ ਬਾਅਦ ਲਗਭਗ 10 ਲੱਖ ਰੋਹਿੰਗਿਆ ਮੁਸਲਮਾਨ ਬੰਗਲਾਦੇਸ਼ ਦੇ ਸ਼ਰਨਾਰਥੀ ਕੈਂਪਾਂ ਵਿੱਚ ਸ਼ਰਨ ਲੈਣ ਲਈ ਮਜ਼ਬੂਰ ਹੋਏ। ਇਸ ਤੋਂ ਬਿਨਾ ਸੰਯੁਕਤ ਰਾਸ਼ਟਰ ਦੀ ਪਹਿਲਕਦਮੀ ਅਨੁਸਾਰ ਲਗਭਗ 10,000 ਸ਼ਰਨਾਰਥੀਆਂ ਨੂੰ ਵੱਖ-ਵੱਖ ਦੇਸ਼ਾਂ ‘ਚ ਪਨਾਹ ਦਿੱਤੀ ਗਈ ਹੈ।