ਅਮਰੀਕਾ ਦੇ ਹੈਲਥ ਰੈਗੂਲੇਟਰਜ਼ ਵੱਲੋਂ ਕੋਰੋਨਾ ਵਾਇਰਸ ਦੇ ਇਲਾਜ ਲਈ ਪਹਿਲੀ ਗੋਲੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਵਾਈਜ਼ਰ ਵੱਲੋਂ ਤਿਆਰ ਗੋਲੀ ਜਿਥੇ ਕਿ ਬਹੁਤ ਸਸਤੀ ਦੱਸੀ ਜਾ ਰਹੀ ਹੈ, ਉਥੇ ਹੀ ਇਹ ਕਿਸੇ ਮਰੀਜ਼ ਦੇ ਹਸਪਤਾਲ ‘ਚ ਦਾਖ਼ਲ ਹੋਣ ਦੀ ਸੰਭਾਵਨਾ ਨੂੰ 90 ਫ਼ੀਸਦੀ ਤੱਕ ਘਟਾ ਦਿੰਦੀ ਹੈ। ਕੋਰੋਨਾ ਵਾਇਰਸ ਦੇ ਇਲਾਜ ਲਈ ਦੁਨੀਆਂ ‘ਚ ਪ੍ਰਵਾਨਤ ਪਹਿਲੀ ਗੋਲੀ ਨੂੰ ਪੈਕਸਲੌਵਿਡ ਦਾ ਨਾਂ ਦਿੱਤਾ ਗਿਆ ਹੈ ਤੇ ਇਹ ਗੋਲੀ ਸਿਰਫ਼ ਕੋਰੋਨਾ ਪੌਜੇਟਿਵ ਮਰੀਜ਼ਾਂ ਨੂੰ ਦਿੱਤੀ ਜਾਵੇਗੀ।
ਹੁਣ ਤੱਕ ਕੀਤੇ ਗਏ ਟਰਾਇਲਜ਼ ਅਨੁਸਾਰ ਇਨਫ਼ੈਕਸ਼ਨ ਹੋਣ ਤੋਂ ਪੰਜ ਦਿਨ ਦੇ ਅੰਦਰ ਗੋਲੀ ਖਾਣ ਨਾਲ ਬੇਹੱਦ ਫ਼ਾਇਦਾ ਹੁੰਦਾ ਹੈ। ਦੂਸਰੇ ਪਾਸੇ ਮਰਕ ਵੱਲੋਂ ਤਿਆਰ ਐਂਟੀ ਵਾਇਰਲ ਪਿਲ ਨੂੰ ਵੀ ਜਲਦ ਹੀ ਪ੍ਰਵਾਨਗੀ ਮਿਲਣ ਦੇ ਉਮੀਦ ਕੀਤੀ ਜਾ ਰਹੀ ਹੈ।ਕੈਨੇਡਾ ‘ਚ ਫ਼ਾਈਜ਼ਰ ਤੇ ਮਰਕ ਦੋਹਾਂ ਨੂੰ ਹਰੀ ਝੰਡੀ ਮਿਲਣੀ ਬਾਕੀ ਹੈ ਤੇ ਫ਼ੈਡਰਲ ਸਰਕਾਰ ਮਰੀਜ਼ਾਂ ਦੇ ਇਲਾਜ ਲਈ ਗੋਲੀਆਂ ਖਰੀਦਣ ਲਈ ਲਗਾਤਾਰ ਦੋਹਾਂ ਕੰਪਨੀਆਂ ਦੇ ਸੰਪਰਕ ‘ਚ ਹੈ।
ਅਮਰੀਕਾ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ ਅਧਿਕਾਰਤ ਗੋਲੀ ਦੀ ਵਰਤੋਂ 12 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਾ ਹਰ ਸ਼ਖਸ ਇਸਦਾ ਸੇਵਨ ਕਰ ਸਕਦਾ ਹੈ, ਪਰ ਉਸ ਦੀ ਕੋਰੋਨਾ ਰਿਪੋਰਟ ਪੌਜੇਟਿਵ ਹੋਵੇ। ਫ਼ਾਈਜ਼ਰ ਤੇ ਮਰਕ ਦੀਆਂ ਗੋਲੀਆਂ ਨੂੰ ਓਮੀਕੌਨ ਵਿਰੁੱਧ ਬੇਹੱਦ ਅਸਰਦਾਰ ਮੰਨਿਆ ਜਾ ਰਿਹਾ ਹੈ। ਪੈਕਸਲਵਿਡ ਦੀਆਂ ਤਿੰਨ ਗੋਲੀਆਂ ਦਿਨ ‘ਚ ਦੋ ਵਾਰ ਖਾਣੀਆਂ ਹੋਣਗੀਆਂ ਅਤੇ ਇਹ ਕੋਰਸ ਪੰਜ ਦਿਨ ਚੱਲੇਗਾ। ਫ਼ਿਲਹਾਲ ਹਲੇ ਤੱਕ ਸਪੱਸ਼ਟ ਨਹੀਂ ਕੀਤਾ ਗਿਆ ਕਿ ਇਕ ਮਰੀਜ਼ ਨੂੰ ਕਿੰਨੀਆਂ ਗੋਲੀਆਂ ਖਾਣੀਆਂ ਹੋਣਗੀਆਂ।
ਰਾਸ਼ਟਰਪਤੀ ਜੋਅ ਬਾਇਡਨ ਨੇ ਕਿਹਾ ਕਿ ਮਹਾਂਮਾਰੀ ਤੋਂ ਨਿਜਾਤ ਦਿਵਾਉਣ ‘ਚ ਇਹ ਗੋਲੀ ਮਦਦਗਾਰ ਸਾਬਤ ਹੋਵੇਗੀ।ਕੁਝ ਸਿਹਤ ਮਾਹਰਾਂ ਦਾ ਹੁਣ ਵੀ ਮੰਨਣਾ ਹੈ ਕਿ ਵੈਕਸੀਨਸ਼ਨ ਹੀ ਕੋਰੋਨਾ ਤੋਂ ਬਚਾਅ ਦਾ ਬਿਹਤਰ ਤਰੀਕਾ ਹੈ ਪਰ ਅਮਰੀਕਾ ‘ਚ ਹੁਣ ਤੱਕ 4 ਕਰੋੜ ਲੋਕਾਂ ਨੇ ਟੀਕੇ ਨਹੀਂ ਲਗਵਾਏ। ਇਸ ਲਈ ਅਮਰੀਕਾ ‘ਚ ਰੋਜ਼ਾਨਾ ਇਕ ਲੱਖ 40 ਹਜ਼ਾਰ ਨਵੇਂ ਮਰੀਜ਼ਾਂ ਦੀ ਪੁਸ਼ਟੀ ਕੀਤੀ ਜਾ ਰਹੀ ਹੈ ਤੇ ਓਮੀਕਰੋਨ ਦੇ ਕਾਰਨ ਇਹ ਅੰਕੜਾ ਹੋਰ ਵਧਣ ਦਾ ਖ਼ਦਸ਼ਾ ਜ਼ਾਹਰ ਕੀਤਾ ਗਿਆ ਹੈ। ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਵੱਲੋਂ 2 ਹਜ਼ਾਰ ਤੋਂ ਵੱਧ ਲੋਕਾਂ ਉਪਰ ਕੀਤੇ ਗਏ ਤਜਰਬੇ ਮਗਰੋਂ ਹੀ ਇਸ ਗੋਲੀ ਨੂੰ ਪ੍ਰਵਾਨਗੀ ਦਿੱਤੀ ਗਈ ਹੈ ਤੇ ਗੋਲੀ ਖਾਣ ਵਾਲਿਆਂ ‘ਚੋਂ ਇਕ ਫ਼ੀਸਦੀ ਤੋਂ ਵੀ ਘੱਟ ਲੋਕਾਂ ਨੂੰ ਹਸਪਤਾਲ ਦਾਖ਼ਲ ਕਰਵਾਉਣ ਦੀ ਨੌਬਤ ਆਈ।