ਓਮਾਈਕ੍ਰੋਨ ਦੇ ਖ਼ੌਫ ਦਰਮਿਆਨ ਕੈਨੇਡਾ ‘ਚ ਸ਼ੁੱਕਰਵਾਰ ਨੂੰ ਕੋਰੋਨਾ ਵਾਇਰਸ ਦੇ 41,210 ਨਵੇਂ ਮਾਮਲੇ ਸਾਹਮਣੇ ਆਏ ਹਨ, ਜੋ ਫਰਵਰੀ 2020 ‘ਚ ਮਹਾਮਾਰੀ ਦੇ ਦੇਸ਼ ਵਿਚ ਆਉਣ ਤੋਂ ਬਾਅਦ ਰੋਜ਼ਾਨਾ ਮਾਮਲਿਆਂ ਦਾ ਇਹ ਸਭ ਤੋਂ ਉਚਾ ਪੱਧਰ ਹੈ। ਮੀਡੀਆ ਮੁਤਾਬਕ ਨਵੇਂ ਮਾਮਲਿਆਂ ਦੇ ਆਉਣ ਨਾਲ ਦੇਸ਼ ਵਿਚ ਕੋਰੋਨਾ ਪੀੜਤਾਂ ਦਾ ਅੰਕੜਾ 2,183,527 ਪਹੁੰਚ ਗਿਆ ਹੈ ਅਤੇ ਹੁਣ ਤੱਕ 30,319 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪਿਛਲੇ ਹਫ਼ਤਿਆਂ ‘ਚ ਓਮਾਈਕ੍ਰੋਨ ਵੇਰੀਐਂਟ ਦੇ ਤੇਜ਼ੀ ਨਾਲ ਪ੍ਰਸਾਰ ਕਾਰਨ ਦੇਸ਼ ਵਿਚ ਰੋਜ਼ਾਨਾ ਮਾਮਲਿਆਂ ‘ਚ ਵਾਧਾ ਹੋ ਰਿਹਾ ਹੈ। ਸਭ ਤੋਂ ਵੱਧ ਆਬਾਦੀ ਵਾਲੇ ਸੂਬੇ ਓਂਟਾਰੀਓ ‘ਚ ਸ਼ੁੱਕਰਵਾਰ ਨੂੰ 16,713 ਨਵੇਂ ਕੋਵਿਡ-19 ਮਾਮਲਿਆਂ ਦੀ ਰਿਕਾਰਡ ਤੋੜ ਸੰਖਿਆ ਦਰਜ ਕੀਤੀ ਗਈ, ਪਰ ਕਿਊਬੇਕ ਸੂਬੇ ‘ਚ 16,461 ਰਿਕਾਰਡ ਮਾਮਲੇ ਦਰਜ ਕੀਤੇ ਗਏ। ਕਿਊਬੇਕ ਵਿੱਚ 31 ਦਸੰਬਰ ਤੋਂ ਕਰਫਿਊ ਲਗਾ ਦਿੱਤਾ ਗਿਆ ਹੈ, ਕਿਉਂਕਿ ਸੂਬੇ ‘ਚ ਕੋਰੋਨਾ ਦੇ ਮਾਮਲਿਆਂ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਜੋ ਵੀ ਲੋਕ ਕਰਫਿਊ ਦਾ ਉਲੰਘਣ ਕਰਦੇ ਹਨ, ਉਨ੍ਹਾਂ ਤੇ 1000 ਕੈਨੇਡੀਅਨ ਡਾਲਰ ਤੋਂ ਲੈ ਕੇ 6,000 ਕੈਨੇਡੀਅਨ ਡਾਲਰ ਤੱਕ ਦਾ ਜੁਰਮਾਨਾ ਲਗਾਇਆ ਜਾ ਸਕਦਾ ਹੈ।