ਸੀਨੀਅਰ ਕਾਂਗਰਸੀ ਆਗੂ ਅਤੇ ਉਪ ਮੁੱਖ ਮੰਤਰੀ ਸ: ਸੁਖਜਿੰਦਰ ਸਿੰਘ ਰੰਧਾਵਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਸ਼੍ਰੋਮਣੀ ਅਕਾਲੀ ਦਲ ਨੂੰ ਸ੍ਰੀ ਹਰਿਮੰਦਰ ਸਾਹਿਬ ਵਿਖੇ ਮਨਾਏ ਗਏ ਰੋਸ ਦਿਵਸ ਮੌਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਕੀਤੀ ਗਈ ਅਪੀਲ ‘ਤੇ ਚਿੰਤਾ ਪ੍ਰਗਟਾਈ ਹੈ। ਉਪ ਮੁੱਖ ਮੰਤਰੀ ਨੇ ਕਿਹਾ ਕਿ ਬਾਦਲ ਦਲ ਨੇ ਬੇਅਦਬੀਆਂ ਕੀਤੀਆਂ ਹਨ, ਇਸ ਲਈ ਉਨ੍ਹਾਂ ਜਥੇਦਾਰ ਨੂੰ ਅਪੀਲ ਕੀਤੀ ਕਿ ਉਹ ਇਨ੍ਹਾਂ ‘ਮਸੰਦਾਂ’ ਦੀਆਂ ਪੰਥ ਵਿਰੋਧੀ ਗਤੀਵਿਧੀਆਂ ਕਾਰਨ ਬਾਦਲਾਂ ਦੀ ਪਿਓ-ਪੁੱਤ ਜੋੜੀ ਵਿਰੁੱਧ ਕਾਰਵਾਈ ਕਰਨ।
ਗਿਆਨੀ ਹਰਪ੍ਰੀਤ ਸਿੰਘ ਨੂੰ ਲਿਖੇ ਪੱਤਰ ਵਿੱਚ ਸ: ਰੰਧਾਵਾ ਨੇ ਕਿਹਾ, “ਬਾਦਲ ਦਲ ਨੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਰੋਸ ਦਿਵਸ ਮਨਾਇਆ ਹੈ ਪਰ ਮੇਰਾ ਦਿਲ ਉਦੋਂ ਦੁਖੀ ਹੈ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸੰਸਥਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਨੇ ਸ਼੍ਰੋਮਣੀ ਕਮੇਟੀ ਨਾਲ ਮਿਲ ਕੇ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਅਪੀਲ ਕੀਤੀ ਜਿਸ ਨਾਲ ਸਿੱਖ ਸੰਗਤ ਨੂੰ ਭਾਰੀ ਠੇਸ ਪਹੁੰਚੀ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਤੋਂ ਦਿੱਤੇ ਭਾਸ਼ਣ ਦੌਰਾਨ ਜਿੱਥੇ ਇੱਕ ਪਾਸੇ ਪੰਥ ਨੂੰ ਮਸੰਦਾਂ ਤੋਂ ਸੁਚੇਤ ਕੀਤਾ ਗਿਆ ਹੈ, ਉਥੇ ਦੂਜੇ ਪਾਸੇ ਸ਼੍ਰੋਮਣੀ ਕਮੇਟੀ ’ਤੇ ਕਾਬਜ਼ ਮਸੰਦਾਂ ਨੇ ਪਹਿਲਾਂ ਵੀ ਜਾਮ-ਏ-ਇਨਸਾਨ ਪੀ ਕੇ ਡੇਰੇ ਵਾਲਿਆਂ ਨਾਲ ਦੋਸਤੀ ਕਰ ਲਈ। ਡੇਰਾ ਮੁਖੀ ਨੂੰ ਬਠਿੰਡਾ ਕੇਸ ਵਿੱਚੋਂ ਜ਼ਮਾਨਤ ਦਿਵਾਉਣ ਲਈ ਯਤਨ ਕੀਤੇ। ਇਨ੍ਹਾਂ ਮਸੰਦਾਂ ਦਾ ਮਨਸੂਬਾ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਉਲੰਘਣਾ ਕਰਕੇ ਵੋਟਾਂ ਮੰਗਣ ਦਾ ਸੀ।
ਅਕਾਲੀਆਂ ਦੀ ਮਦਦ ਨਾਲ ਡੇਰੇਦਾਰਾਂ ਨੇ ਫਿਲਮਾਂ ਬਣਾਈਆਂ ਅਤੇ 2015 ਵਿੱਚ ਬਰਗਾੜੀ, ਮੱਲਕੇ ਅਤੇ ਗੁਰੂਸਰ ਭਗਤਾ ਵਿਖੇ ਬੇਅਦਬੀ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ। ਅਕਾਲੀਆਂ ਨੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਕਮੇਟੀ ਨੂੰ ਡੇਰਾ ਮੁਖੀ ਨੂੰ ਮੁਆਫ਼ ਕਰਨ ਲਈ ਮਜ਼ਬੂਰ ਕੀਤਾ ਅਤੇ ‘ਗੁਰੂ ਕੀ ਗੋਲਕ’ ਵਿੱਚੋਂ ਖਰਚ ਕਰਕੇ ਇਸ਼ਤਿਹਾਰ ਛਪਵਾਏ।
ਸੁਖਜਿੰਦਰ ਸਿੰਘ ਰੰਧਾਵਾ ਨੇ ਅੱਗੇ ਕਿਹਾ ਕਿ ਕੀ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਤੋਂ ਵੱਡਾ ਕੋਈ ਮਸੰਦ ਹੈ ਪਰ ਸਾਡੀ ਸਰਕਾਰ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਵਿਸ਼ੇਸ਼ ਜਾਂਚ ਟੀਮ (SIT) ‘ਤੇ ਭਰੋਸਾ ਕਰਕੇ ਜਾਂਚ ਜਾਰੀ ਰੱਖੀ ਅਤੇ 2018 ਵਿੱਚ ਬੇਅਦਬੀ ਦੇ ਦੋਸ਼ੀਆਂ ਨੂੰ ਫੜ ਕੇ ਸਲਾਖਾਂ ਪਿੱਛੇ ਸੁੱਟ ਦਿੱਤਾ।”