ਅਮਰੀਕਾ ਦੇ ਰੋਗ ਨਿਯੰਤਰਣ ਤੇ ਰੋਕਥਾਮ ਕੇਂਦਰ ਨੇ ਕੈਨੇਡਾ ਲਈ ‘ਡੂ ਨਾਟ ਟਰੈਵਲ’ ਦੀ ਚਿਤਾਵਨੀ ਜਾਰੀ ਕੀਤੀ ਹੈ। ਸੀ.ਡੀ.ਸੀ.(ਰੋਕਥਾਮ ਕੇਦਰ) ਨੇ ਸੋਮਵਾਰ ਨੂੰ ਯਾਤਰਾ ਕਰਨ ਦੇ ਦ੍ਰਿਸ਼ਟੀਕੋਣ ਨਾਲ ਕੈਨੇਡਾ ਨੂੰ ‘ਲੈਵਲ 4’ ਬੇਹੱਦ ਜੋਖ਼ਮ ਭਰਿਆ ਦੇਸ਼ਾਂ ਦੀ ਸੂਚੀ ‘ਚ ਪਾ ਦਿੱਤਾ ਤੇ ਅਮਰੀਕਾ ਦੇ ਦੇਸ਼ ਵਾਸੀਆਂ ਨੂੰ ਕੈਨੇਡਾ ਦੀ ਯਾਤਰਾ ਨਾ ਕਰਨ ਦੀ ਅਪੀਲ ਵੀ ਕੀਤੀ ਹੈ। ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਨੂੰ ਦੇਖਦੇ ਹੋਏ ਸੀ.ਡੀ.ਸੀ. ਨੇ ਤਕਰੀਬਨ 80 ਥਾਂਵਾਂ ਨੂੰ ‘ਲੈਵਲ4’ ਦੀ ਸ਼੍ਰੇਣੀ ‘ਚ ਰੱਖਿਆ ਹੈ।
ਦਿ ਗਾਰਡੀਅਨ ਅਖ਼ਬਾਰ ਦੀ ਰਿਪੋਰਟ ਅਨੁਸਾਰ ਅਮਰੀਕਾ ਵਾਸੀਆਂ ਲਈ ਕੈਨੇਡਾ ਹਮੇਸ਼ਾ ਤੋਂ ਹੀ ਪਸੰਦੀਦਾ ਥਾਂਵਾਂ ‘ਚੋਂ ਇਕ ਰਿਹਾ ਹੈ ਪਰ ਕੋਰੋਨਾ ਕਾਲ ਦੇ ਦੌਰਾਨ ਦੋਵਾਂ ਦੇਸ਼ਾਂ ਦੀਆਂ ਸਰਹੱਦਾਂ ਗੈਰ-ਜ਼ਰੂਰੀ ਯਾਤਰਾਵਾਂ ਲਈ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ। ਦੱਸ ਦਈਏ ਕਿ ਦਸੰਬਰ ਦੇ ਮਹੀਨੇ ‘ਚ ਕੈਨੇਡਾ ਨੇ ਵੀ ਆਪਣੇ ਨਾਗਰਿਕਾਂ ਨੂੰ ਇਹ ਅਪੀਲ ਕੀਤੀ ਸੀ ਕਿ ਉਹ ਜ਼ਰੂਰਤ ਨਾ ਹੋਣ ਤੇ ਦੇਸ਼ ਤੋਂ ਬਾਹਰ ਕਿਤੇ ਨਾ ਜਾਣ।