ਪੰਜਾਬੀ ਗਾਇਕਾ ਅਫਸਾਨਾ ਖ਼ਾਨ ਤੇ ਸਾਜਨ ਸ਼ਰਮਾ ਉਰਫ ਸਾਜ ਦੀ ਮੰਗਣੀ 2021 ਸਾਲ ‘ਚ ਪੂਰੇ ਦੇਸ਼ ਵਿੱਚ ਸੁਰਖ਼ੀਆਂ ’ਚ ਰਹੀ ਸੀ। ਅਫਸਾਨਾ ਨੇ ਟੀ. ਵੀ. ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ 15’ ਵਿੱਚ ਜਾਣ ਲਈ ਆਪਣੇ ਵਿਆਹ ਨੂੰ ਟਾਲ ਦਿੱਤਾ ਸੀ ਪਰ ਹੁਣ ਉਸ ਦੇ ਵਿਆਹ ਵਿੱਚ ਫਿਰ ਰੁਕਾਵਟ ਆ ਗਈ ਹੈ।
ਛੱਤੀਸਗੜ੍ਹ ਦੀ ਮਹਿਲਾ ਅਨੁਗ੍ਰਿਹ ਰੰਜਨ ਉਰਫ ਅਨੂੰ ਸ਼ਰਮਾ ਨੇ ਮੋਹਾਲੀ ਜ਼ਿਲ੍ਹਾ ਅਦਾਲਤ ਵਿੱਚ ਇਕ ਪਟੀਸ਼ਨ ਦਰਜ ਕਰਵਾਈ ਹੈ ਤੇ ਇਸ ਵਿਆਹ ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਅਨੂੰ ਸ਼ਰਮਾ ਨੇ ਕਿਹਾ ਹੈ ਕਿ ਅਫਸਾਨਾ ਦੇ ਮੰਗੇਤਰ ਸਾਜਨ ਸ਼ਰਮਾ ਨਾਲ 7 ਸਾਲ ਪਹਿਲਾਂ ਉਸ ਦਾ ਵਿਆਹ ਹੋਇਆ ਸੀ। ਸਾਜ ਨੇ ਧੋਖੇ ਨਾਲ ਉਸ ਤੋਂ ਤਲਾਕ ਲਿਆ ਤੇ ਹੁਣ ਸਾਜ ਅਫਸਾਨਾ ਖਾਨ ਨਾਲ ਵਿਆਹ ਕਰਵਾ ਰਿਹਾ ਹੈ। ਅਨੂੰ ਦਾ ਕਹਿਣਾ ਹੈ ਕਿ ਉਸ ਨੂੰ ਕੁਝ ਸਮੇ ਪਹਿਲਾ ਹੀ ਪਤਾ ਲੱਗਾ ਹੈ ਕਿ ਸਾਜਨ ਨੇ ਮੋਹਾਲੀ ਜ਼ਿਲ੍ਹਾ ਅਦਾਲਤ ਤੋਂ ਤਲਾਕ ਲੈ ਲਿਆ ਹੈ।
ਸਾਜ ਨੇ ਤਲਾਕ ਦੇ ਲਈ ਜੋ ਕੇਸ ਦਰਜ ਕਰਵਾਇਆ ਸੀ, ਉਸ ਵਿੱਚ ਅਨੂੰ ਦਾ ਗਲਤ ਪਤਾ ਦਿੱਤਾ ਸੀ। ਜਿਸ ਦੇ ਕਾਰਨ ਉਸ ਨੂੰ ਸੰਮਨ ਨਹੀਂ ਮਿਲੇ ਤੇ ਉਹ ਪੇਸ਼ ਨਹੀਂ ਹੋਈ ਅਤੇ ਮੋਹਾਲੀ ਦੀ ਅਦਾਲਤ ਨੇ ਉਸ ਨੂੰ ਬਿਨਾਂ ਸੁਣੇ ਹੀ ਤਲਾਕ ਮਨਜ਼ੂਰ ਕਰ ਦਿੱਤਾ। ਅਨੂੰ ਨੇ ਹੁਣ ਵਿਆਹ ਤੇ ਰੋਕ ਲਗਾਉਣ ਤੇ ਤਲਾਕ ਦੇ ਆਰਡਰ ਵਿਰੁੱਧ ਮੋਹਾਲੀ ਅਦਾਲਤ ਵਿੱਚ ਪਟੀਸ਼ਨ ਦਰਜ ਕਰਵਾਈ ਹੈ ਤੇ ਵਿਆਹ ਤੇ ਵੀ ਰੋਕ ਲਗਾਉਣ ਲਈ ਇੱਕ ਹੋਰ ਸਿਵਲ ਕੇਸ ਦਰਜ ਕਰਵਾਇਆ ਹੈ।ਦੱਸਣਯੋਗ ਹੈ ਕਿ ਅਦਾਲਤ ਨੇ ਨੋਟਿਸ ਜਾਰੀ ਕਰ ਦਿੱਤਾ ਹੈ ਤੇ ਮਾਮਲੇ ਦੀ ਸੁਣਵਾਈ ਜਨਵਰੀ ਦੀ 18 ਤਰੀਕ ਨੂੰ ਹੋਵੇਗੀ।
ਅਨੂੰ ਨੇ ਦੱਸਿਆ ਕਿ ਦਸੰਬਰ 2021 ਵਿੱਚ ਉਸ ਨੂੰ ਪਤਾ ਲੱਗਾ ਕਿ ਸਾਜ ਤੇ ਅਫਸਾਨਾ ਵਿਆਹ ਕਰਵਾ ਰਹੇ ਹਨ ਤੇ ਦੋਵਾਂ ਨੇ ਮੰਗਣੀ ਵੀ ਕਰ ਲਈ ਹੈ।ਜਦ ਅਨੂੰ ਨੇ ਸਾਜ ਨੂੰ ਫੋਨ ਕੀਤਾ ਤਾ ਉਸ ਨੇ ਫੋਨ ਨਹੀਂ ਚੁੱਕਿਆ। ਉਸ ਦੇ ਰਿਸ਼ਤੇਦਾਰਾਂ ਤੋਂ ਪਤਾ ਲੱਗਾ ਕਿ 2019 ਵਿੱਚ ਸਾਜ ਨੇ ਉਸ ਤੋਂ ਮੋਹਾਲੀ ਅਦਾਲਤ ਵਿੱਚ ਤਲਾਕ ਲੈ ਲਿਆ ਸੀ।
ਅਨੂੰ ਦੇ ਵਕੀਲ ਹੰਸਰਾਜ ਤ੍ਰੇਹਨ ਨੇ ਦੱਸਿਆ ਕਿ ਵਿਆਹ ਤੋਂ ਪਹਿਲਾਂ ਸਾਜ ਓਡੀਸ਼ਾ ਦੇ ਭੂਸ਼ਣ ਪਾਵਰ ਐਂਡ ਸਟੀਲ ਲਿਮਟਿਡ ਵਿੱਚ ਕੰਟਰੈਕਟਰ ਸੀ ਤੇ ਰਾਏਪੁਰ, ਛੱਤੀਸਗੜ੍ਹ ਆਉਂਦਾ ਰਹਿੰਦਾ ਸੀ। ਅਨੂੰ ਤੇ ਸਾਜ ਦੀ ਇੱਕ ਦਿਨ ਮੁਲਾਕਾਤ ਹੋਈ ਤੇ ਦੋਵਾਂ ਨੇ ਫਿਰ ਲਵ ਮੈਰਿਜ ਕਰਵਾ ਲਈ। ਉਸ ਤੋ ਬਾਅਦ ਉਹ ਜ਼ੀਕਰਪੁਰ ਆ ਗਏ ਤੇ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ 6 ਦਸੰਬਰ, 2014 ਨੂੰ ਉਨ੍ਹਾਂ ਨੇ ਵਿਆਹ ਕਰਵਾਇਆ। ਅਨੂੰ ਤੇ ਸਾਜ ਜ਼ੀਰਕਪੁਰ ਵਿੱਚ ਹੀ ਰਹਿਣ ਲੱਗੇ। ਬਾਅਦ ਵਿੱਚ ਅਨੂੰ ਨੇ ਇਹ ਦੋਸ਼ ਲਗਾਇਆ ਕਿ ਉਸ ਨੂੰ ਦਹੇਜ ਲਈ ਤੰਗ ਪ੍ਰੇਸ਼ਾਨ ਕੀਤਾ ਗਿਆ, ਜਿਸ ਦੇ ਕਾਰਨ ਉਹ ਆਪਣੇ ਪਰਿਵਾਰ ਕੋਲ ਰਾਏਪੁਰ ਚਲੀ ਗਈ।