ਮੁੱਖ ਮੰਤਰੀ ਦੇ ਚਿਹਰੇ ਦੇ ਐਲਾਨ ਤੋਂ ਪਹਿਲਾਂ ਹੀ ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਂਡ ‘ਤੇ ਵੱਡਾ ਹਮਲਾ ਕੀਤਾ ਹੈ। ਅੰਮ੍ਰਿਤਸਰ ‘ਚ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਕਿਹਾ ਕਿ ਹਾਈਕਮਾਂਡ ਨੂੰ ਕਮਜ਼ੋਰ ਮੁੱਖ ਮੰਤਰੀ ਚਾਹੀਦਾ ਹੈ ਜੋ ਉਨ੍ਹਾਂ ਦੀ ਧੁਨ ‘ਤੇ ਨੱਚੇ।
ਵੀਰਵਾਰ ਦੇਰ ਸ਼ਾਮ ਅੰਮ੍ਰਿਤਸਰ ਵਿੱਚ ਵਰਕਰਾਂ ਨੂੰ ਸੰਬੋਧਨ ਕਰਦਿਆਂ ਸਿੱਧੂ ਨੇ ਕਿਹਾ ਕਿ ਤੁਹਾਨੂੰ ਇੱਕ ਗੱਲ ਕਹਿਣੀ ਹੈ। ਜੇਕਰ ਨਵਾਂ ਪੰਜਾਬ ਬਣਾਉਣਾ ਹੈ ਤਾਂ ਇਹ ਮੁੱਖ ਮੰਤਰੀ ਦੇ ਹੱਥ ਵਿੱਚ ਹੈ। ਰਾਜ ਤਾਂ ਮੁੱਖ ਮੰਤਰੀ ਦਾ ਹੀ ਹੋਵੇਗਾ। ਇਨ੍ਹਾਂ ਦੋਵਾਂ ਮੁੱਖ ਮੰਤਰੀਆਂ ਨੇ 25-30 ਸਾਲਾਂ ਵਿੱਚ ਪੰਜਾਬ ਨੂੰ ਬਰਬਾਦ ਕਰ ਦਿੱਤਾ। ਜੇਕਰ ਇਮਾਨਦਾਰ ਆਦਮੀ ਉੱਪਰ ਬੈਠਦਾ ਹੈ ਤਾਂ ਹੇਠਾਂ ਵਾਲੇ ਵੀ ਇਮਾਨਦਾਰ ਹੋਣਗੇ।
ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਦਾ ਇਹ ਬਿਆਨ ਅਜਿਹੇ ਸਮੇਂ ‘ਚ ਆਇਆ ਹੈ, ਜਦੋਂ ਕਾਂਗਰਸ ਹਾਈਕਮਾਂਡ 6 ਫਰਵਰੀ ਨੂੰ ਲੁਧਿਆਣਾ ‘ਚ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ ਕਰਨ ਜਾ ਰਹੀ ਹੈ।ਜਿਸ ਕਾਰਨ ਰਾਹੁਲ ਗਾਂਧੀ ਲੁਧਿਆਣਾ ਰੈਲੀ ‘ਚ ਆ ਸਕਦੇ ਹਨ। ਕਾਂਗਰਸ ‘ਚ ਮੁੱਖ ਮੰਤਰੀ ਦੇ ਚਿਹਰੇ ਨੂੰ ਲੈ ਕੇ ਨਵਜੋਤ ਸਿੱਧੂ ਅਤੇ ਮੌਜੂਦਾ ਮੁੱਖ ਮੰਤਰੀ ਚਰਨਜੀਤ ਚੰਨੀ ਵਿਚਾਲੇ ਤਣਾਅ ਬਣਿਆ ਹੋਇਆ ਹੈ।