ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਖਾਲਿਸਤਾਨ ਪੱਖੀ ਕਾਰਕੁਨਾਂ ਵੱਲੋਂ ਜਾਨ ਨੂੰ ਖ਼ਤਰਾ ਹੋਣ ਦੀਆਂ ਖ਼ਬਰਾਂ ਤੋਂ ਬਾਅਦ ‘ਜ਼ੈੱਡ ਪਲੱਸ’ ਸੁਰੱਖਿਆ ਮੁਹੱਈਆ ਕਰਵਾਈ ਗਈ ਹੈ।
ਰਹੀਮ ਸੁਨਾਰੀਆ ਜੇਲ ਤੋਂ 21 ਦਿਨਾਂ ਦੀ ਪੈਰੋਲ ‘ਤੇ ਹੈ ਅਤੇ ਗੁਰੂਗ੍ਰਾਮ ‘ਚ ਡੇਰਾ ਲਾਇਆ ਹੋਇਆ ਹੈ।
ਉਸ ਨੂੰ ਮੋਬਾਈਲ ਸੁਰੱਖਿਆ ਲਈ 10 NSG ਸੁਰੱਖਿਆ ਕਰਮਚਾਰੀ ਅਤੇ ਰਿਹਾਇਸ਼ੀ ਸੁਰੱਖਿਆ ਲਈ ਦੋ (ਪਲੱਸ ਅੱਠ) ਮਿਲਣਗੇ। ਹਰਿਆਣਾ ਸਰਕਾਰ ਦਾ ਗੁਰਮੀਤ ਰਾਮ ਰਹੀਮ ਨੂੰ ਉੱਚ ਪੱਧਰੀ ਸੁਰੱਖਿਆ ਕਵਰ ਦੇਣ ਦਾ ਫੈਸਲਾ ਉਸਦੀ ਬੇਨਤੀ ਤੋਂ ਬਾਅਦ ਆਇਆ ਹੈ।
ਸਾਬਕਾ ਪੱਤਰਕਾਰ ਰਾਮਚੰਦਰ ਛਤਰਪਤੀ ਦੀ ਹੱਤਿਆ ਅਤੇ ਡੇਰੇ ਦੀਆਂ ਦੋ ਚੇਲੀਆਂ ਦੇ ਬਲਾਤਕਾਰ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਨੂੰ 7 ਫਰਵਰੀ ਨੂੰ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ 21 ਦਿਨਾਂ ਦੀ ਪੈਰੋਲ ‘ਤੇ ਰਿਹਾਅ ਕੀਤਾ ਗਿਆ ਸੀ।
ਪੰਚਕੂਲਾ ਦੀ ਵਿਸ਼ੇਸ਼ ਸੀਬੀਆਈ ਅਦਾਲਤ ਨੇ 2017 ਵਿੱਚ 54 ਸਾਲਾ ਗੁਰਮੀਤ ਰਾਮ ਰਹੀਮ ਨੂੰ ਇਸ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਸੀ।ਜ਼ਿਕਰਯੋਗ ਹੈ ਕਿ ਗੁਰੂਗ੍ਰਾਮ ਪੁਲਿਸ ਨੇ ਰਾਮ ਰਹੀਮ ਨੂੰ ਪਹਿਲਾਂ ਹੀ ਭਾਰੀ ਸੁਰੱਖਿਆ ਪ੍ਰਦਾਨ ਕੀਤੀ ਹੋਈ ਹੈ। ਸੈਕਟਰ 50 ਸਥਿਤ ਉਨ੍ਹਾਂ ਦੇ ਆਸ਼ਰਮ ‘ਚ ਵੱਡੀ ਗਿਣਤੀ ‘ਚ ਪੁਲਸ ਮੁਲਾਜ਼ਮਾਂ ਨੂੰ ਲੋਕਾਂ ਤੋਂ ਦੂਰ ਰੱਖਣ ਲਈ ਤਾਇਨਾਤ ਕੀਤਾ ਗਿਆ ਹੈ।