ਸਿੱਖ ਕਾਰਕੁਨ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ‘ਚ ਦੋ ਟੀਨੇਜਰਾਂ ਨੂੰ ਕੀਤਾ ਗਿਆ ਚਾਰਜ
Surrey ਵਿਚ ਇੱਕ ਸਿੱਖ ਕਾਰਕੁਨ ਦੇ ਘਰ ‘ਤੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਦੋ ਟੀਨੇਜਰਾਂ ਨੂੰ ਚਾਰਜ ਕੀਤਾ ਗਿਆ ਹੈ ਅਤੇ ਜਾਂਚਕਰਤਾਵਾਂ ਨੂੰ ਇਸ ਮਾਮਲੇ ਦੇ ਵਿਦੇਸ਼ੀ ਦਖ਼ਲਅੰਦਾਜ਼ੀ ਨਾਲ ਜੁੜੇ ਹੋਣ ਦਾ ਕੋਈ ਸੁਰਾਗ ਨਹੀਂ ਮਿਲਿਆ ਹੈ।
1 ਫ਼ਰਵਰੀ ਨੂੰ ਸਾਊਥ ਸਰੀ ਵਿਚ ਰਹਿੰਦੇ ਇੱਕ ਸਿੱਖ ਕਾਰਕੁਨ ਸਿਮਰਨਜੀਤ ਸਿੰਘ ਦੇ ਘਰ ‘ਤੇ ਗੋਲੀਆਂ ਚਲਾਉਣ ਦੀ ਘਟਨਾ ਵਾਪਰੀ ਸੀ। ਸਿਮਰਨਜੀਤ ਸਿੰਘ ਖ਼ਾਲਿਸਤਾਨੀ ਕਾਰਕੁਨ ਹਰਦੀਪ ਸਿੰਘ ਨਿੱਝਰ ਦਾ ਦੋਸਤ ਹੈ।
ਸਿੱਖਸ ਫੌਰ ਜਸਟਿਸ ਨੇ ਇਸ ਗੋਲੀਬਾਰੀ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦਾ ਸ਼ੱਕ ਪ੍ਰਗਟਾਇਆ ਸੀ। ਪਰ ਸਰੀ RCMP ਨੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ ਨੂੰ ਇਸ ਮਾਮਲੇ ਵਿੱਚ ਕਿਸੇ ਵਿਦੇਸ਼ੀ ਦਖ਼ਲਅੰਦਾਜ਼ੀ ਦੇ ਸਬੂਤ ਨਹੀਂ ਮਿਲੇ ਹਨ।
12 ਫ਼ਰਵਰੀ ਨੂੰ ਪੁਲਿਸ ਨੇ 16-16 ਸਾਲ ਦੇ ਦੋ ਨੌਜਵਾਨਾਂ ਨੂੰ ਹਿਰਾਸਤ ਵਿਚ ਲਿਆ ਸੀ। ਆਰਸੀਐਮਪੀ ਨੇ ਕਿਹਾ ਕਿ ਬੀਸੀ ਪ੍ਰੌਸੀਕਿਊਸ਼ਨ ਸਰਵਿਸ ਨੇ ਇਹਨਾਂ ਟੀਨੇਜਰਾਂ ਖ਼ਿਲਾਫ਼ ਗੋਲੀਆਂ ਚਲਾਉਣ ਅਤੇ ਪਾਬੰਦੀਸ਼ੁਦਾ ਲੋਡੇਡ ਹਥਿਆਰ ਰੱਖਣ ਦੇ ਦੋਸ਼ ਆਇਦ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਸਰੀ ਆਰਸੀਐਮਪੀ ਨੇ ਦੱਸਿਆ ਕਿ 6 ਫ਼ਰਵਰੀ ਨੂੰ ਪੁਲਿਸ ਨੇ 140 ਸਟ੍ਰੀਟ ਦੇ 7700 ਬਲੌਕ ਚ ਪੈਂਦੇ ਇੱਕ ਘਰ ਵਿਚ ਛਾਪੇਮਾਰੀ ਕੀਤੀ ਸੀ ਅਤੇ ਤਲਾਸ਼ੀ ਦੌਰਾਨ ਪੁਲਿਸ ਨੂੰ ਘਰ ਚੋਂ ਤਿੰਨ ਹਥਿਆਰ ਅਤੇ ਕਈ ਇਲੈਕਟ੍ਰੌਨਿਕ ਡਿਵਾਈਸਾਂ ਬਰਾਮਦ ਹੋਈਆਂ ਸਨ।