GTA News Media

Top Info Bar
22.1°C Toronto Loading date...
Canada

‘ਕੈਨੇਡਾ ‘ਚ ਹਿੰਦੂਆਂ ਨੇ ਦਿੱਤਾ ਅਨਮੋਲ ਯੋਗਦਾਨ’: ਪੀਅਰੇ ਪੋਇਲੀਵਰੇ

‘ਕੈਨੇਡਾ ‘ਚ ਹਿੰਦੂਆਂ ਨੇ ਦਿੱਤਾ ਅਨਮੋਲ ਯੋਗਦਾਨ’: ਪੀਅਰੇ ਪੋਇਲੀਵਰੇ
Share this post via:

ਵਿਰੋਧੀ ਧਿਰ ਦੇ ਨੇਤਾ ਪੀਅਰੇ ਪੋਇਲੀਵਰੇ ਨੇ ਕੈਨੇਡਾ ਵਿਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ “ਨਫ਼ਰਤ ਭਰੀਆਂ ਟਿੱਪਣੀਆਂ” ਦੀ ਨਿੰਦਾ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੂਆਂ ਨੇ ਕੈਨੇਡਾ ਦੇ ਹਰ ਹਿੱਸੇ ਵਿੱਚ “ਅਨਮੋਲ ਯੋਗਦਾਨ” ਦਿੱਤਾ ਹੈ ਅਤੇ ਕਿਹਾ ਕਿ ਹਿੰਦੂ ਭਾਈਚਾਰੇ ਦਾ “ਇੱਥੇ ਹਮੇਸ਼ਾ ਸੁਆਗਤ ਕੀਤਾ ਜਾਵੇਗਾ।” ਕੰਜ਼ਰਵੇਟਿਵ ਨੇਤਾ ਪੋਇਲੀਵਰੇ ਨੇ ਕਿਹਾ ਕਿ ਹਰ ਕੈਨੇਡੀਅਨ ਦੇਸ਼ ਵਿੱਚ ਬਿਨਾਂ ਕਿਸੇ ਡਰ ਦੇ ਰਹਿਣ ਦਾ ਹੱਕਦਾਰ ਹੈ। ਉਨ੍ਹਾਂ ਦੀ ਇਹ ਟਿੱਪਣੀ ਖਾਲਿਸਤਾਨ ਪੱਖੀ ਸੰਗਠਨ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਵੱਲੋਂ ਇੱਕ ਵਾਇਰਲ ਵੀਡੀਓ ਵਿੱਚ ਭਾਰਤੀ ਮੂਲ ਦੇ ਹਿੰਦੂਆਂ ਨੂੰ ਧਮਕੀਆਂ ਦੇਣ ਅਤੇ ਕੈਨੇਡਾ ਛੱਡਣ ਲਈ ਕਹਿਣ ਤੋਂ ਬਾਅਦ ਆਈ ਹੈ।

ਐਕਸ ‘ਤੇ ਸਾਂਝੀ ਕੀਤੀ ਇੱਕ ਪੋਸਟ ਵਿੱਚ ਪੋਇਲੀਵਰੇ ਨੇ ਕਿਹਾ, “ਹਰ ਕੈਨੇਡੀਅਨ ਬਿਨਾਂ ਕਿਸੇ ਡਰ ਦੇ ਰਹਿਣ ਅਤੇ ਆਪਣੇ ਭਾਈਚਾਰੇ ਵਿੱਚ ਸੁਆਗਤ ਮਹਿਸੂਸ ਕਰਨ ਦਾ ਹੱਕਦਾਰ ਹੈ। ਹਾਲ ਹੀ ਦੇ ਦਿਨਾਂ ਵਿੱਚ, ਅਸੀਂ ਕੈਨੇਡਾ ਵਿੱਚ ਹਿੰਦੂਆਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਨਫ਼ਰਤ ਭਰੀਆਂ ਟਿੱਪਣੀਆਂ ਦੇਖੀਆਂ ਹਨ। ਕੰਜ਼ਰਵੇਟਿਵ ਸਾਡੇ ਹਿੰਦੂ ਗੁਆਂਢੀਆਂ ਅਤੇ ਦੋਸਤਾਂ ਵਿਰੁੱਧ ਇਨ੍ਹਾਂ ਟਿੱਪਣੀਆਂ ਦੀ ਨਿੰਦਾ ਕਰਦੇ ਹਨ। ਹਿੰਦੂਆਂ ਨੇ ਸਾਡੇ ਦੇਸ਼ ਦੇ ਹਰ ਹਿੱਸੇ ਵਿੱਚ ਅਨਮੋਲ ਯੋਗਦਾਨ ਪਾਇਆ ਹੈ ਅਤੇ ਉਨ੍ਹਾਂ ਦਾ ਇੱਥੇ ਹਮੇਸ਼ਾ ਸਵਾਗਤ ਕੀਤਾ ਜਾਵੇਗਾ।”

ਪੋਇਲੀਵਰੇ ਦਾ ਟਵੀਟ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਸੋਮਵਾਰ ਨੂੰ ਹਰਦੀਪ ਸਿੰਘ ਨਿੱਝਰ ਦੇ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਦੋਸ਼ਾਂ ਤੋਂ ਬਾਅਦ ਭਾਰਤ-ਕੈਨੇਡਾ ਸਬੰਧਾਂ ਵਿਚਾਲੇ ਪੈਦਾ ਹੋਏ ਤਣਾਅ ਤੋਂ ਬਾਅਦ ਆਇਆ ਹੈ।  ਇੱਕ ਸਰਵੇ ਵਿੱਚ ਪੋਇਲੀਵਰੇ ਨੇ ਪੀ.ਐਮ. ਜਸਟਿਨ ਟਰੂਡੋ ਨੂੰ ਲੋਕਪ੍ਰਿਅਤਾ ਦੇ ਮਾਮਲੇ ਵਿੱਚ ਪਿੱਛੇ ਛੱਡ ਦਿੱਤਾ ਹੈ। ਪ੍ਰਧਾਨ ਮੰਤਰੀ ਦੇ ਅਹੁਦੇ ਲਈ ਹੋਏ ਸਰਵੇਖਣ ਵਿੱਚ ਪੋਇਲੀਵਰੇ ਨੂੰ 40 ਫੀਸਦੀ ਲੋਕਾਂ ਨੇ ਪਸੰਦ ਕੀਤਾ, ਜਦਕਿ ਸਿਰਫ 31 ਫੀਸਦੀ ਲੋਕਾਂ ਨੇ ਟਰੂਡੋ ਦਾ ਸਮਰਥਨ ਕੀਤਾ ਹੈ।