ਕੈਨੇਡਾ ਭਾਰਤ ਨਾਲ ਕੂਟਨੀਤਿਕ ਤਣਾਅ ਵਧਾਉਣ ਦੀ ਕੋਸ਼ਿਸ਼ ਨਹੀਂ ਕਰ ਰਿਹਾ: ਟਰੂਡੋ
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਕੈਨੇਡਾ ਸਰਕਾਰ ਭਾਰਤ ਨਾਲ ਕੂਟਨੀਤਿਕ ਤਣਾਅ ਨੂੰ ਵਧਾਉਣ ਦੀਆਂ ਕੋਸ਼ਿਸ਼ਾਂ ਵਿਚ ਨਹੀਂ ਹੈ। ਪਰ ਟਰੂਡੋ ਨੇ ਇਸ ਬਾਰੇ ਟਿੱਪਣੀ ਨਹੀਂ ਕੀਤੀ ਕਿ ਕੀ ਕੈਨੇਡਾ ਵੀ ਭਾਰਤ ਵੱਲੋਂ 41 ਕੈਨੇਡੀਅਨ ਡਿਪਲੋਮੈਟਾਂ ਨੂੰ ਵਾਪਸ ਸੱਦਣ ਲਈ ਆਖਣ ਦੇ ਫ਼ੈਸਲੇ ਤੋਂ ਬਾਅਦ ਇਸੇ ਤਰ੍ਹਾਂ ਦੀ ਕੋਈ ਜਵਾਬੀ ਕਾਰਵਾਈ ਕਰੇਗਾ ਜਾਂ ਨਹੀਂ।
ਫ਼ਾਈਨੈਂਸ਼ੀਅਲ ਟਾਈਮਜ਼ ਦੀ ਰਿਪੋਰਟ ਅਨੁਸਾਰ, ਭਾਰਤ ਨੇ ਕੈਨੇਡਾ ਨੂੰ 10 ਅਕਤੂਬਰ ਤੱਕ 41 ਡਿਪਲੋਮੈਟਾਂ ਨੂੰ ਵਾਪਸ ਬੁਲਾਉਣ ਲਈ ਆਖਿਆ ਹੈ। ਇਸ ਬਾਰੇ ਪੁੱਛੇ ਜਾਣ ‘ਤੇ ਟਰੂਡੋ ਨੇ ਜ਼ੋਰ ਦੇਕੇ ਕਿਹਾ ਕਿ ਕੈਨੇਡਾ ਭਾਰਤ ਸਰਕਾਰ ਨਾਲ ਉਸਾਰੂ ਗੱਲਬਾਤ ਦੀਆਂ ਕੋਸ਼ਿਸ਼ਾਂ ਜਾਰੀ ਰੱਖੇਗਾ। ਫਾਈਨੈਂਸ਼ੀਅਲ ਟਾਈਮਜ਼ ਨੇ ਸਰਕਾਰੀ ਸੂਤਰਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਭਾਰਤ ਨੇ 10 ਅਕਤੂਬਰ ਤੋਂ ਬਾਅਦ ਵੀ ਉੱਥੇ ਰਹਿ ਜਾਣ ਵਾਲੇ ਡਿਪਲੋਮੈਟਸ ਦੀ ਡਿਪਲੋਮੈਟਿਕ ਛੋਟ ਨੂੰ ਰੱਦ ਕਰਨ ਦੀ ਧਮਕੀ ਦਿੱਤੀ ਹੈ।
ਟਰੂਡੋ ਨੇ ਕਿਹਾ, ਭਾਰਤ ਦੇ ਨਾਲ ਕੈਨੇਡਾ ਦੇ ਕੂਟਨੀਤਕ ਸਬੰਧ ਬਹੁਤ ਹੀ ਚੁਣੌਤੀਪੂਰਨ ਸਮੇਂ ਵਿੱਚੋਂ ਲੰਘ ਰਹੇ ਹਨ ਅਤੇ ਦੋਵਾਂ ਦੇਸ਼ਾਂ ਵਿਚਕਾਰ ਚੱਲ ਰਹੇ ਵਿਵਾਦ ਨੇ ਕੈਨੇਡੀਅਨਜ਼ ਅਤੇ ਕੈਨੇਡੀਅਨ ਪਰਿਵਾਰਾਂ ਦੀ ਸਹਾਇਤਾ ਲਈ ਉੱਥੇ ਭਾਰਤੀ ਸਰਕਾਰ ਨਾਲ ਕੰਮ ਕਰਨ ਲਈ ਡਿਪਲੋਮੈਟਾਂ ਦਾ ਹੋਣਾ ਸਾਡੇ ਲਈ ਮਹੱਤਵਪੂਰਨ ਬਣਾ ਦਿੱਤਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕੂਟਨੀਤਕ ਵਿਵਾਦ ਨੂੰ ਬਹੁਤ ਗੰਭੀਰਤਾ ਨਾਲ ਲੈ ਰਹੀ ਹੈ ਅਤੇ ਇਸਨੂੰ ਸੁਲਝਾਉਣ ਲਈ ਭਾਰਤ ਦੇ ਨਾਲ ਜ਼ਿੰਮੇਵਾਰਾਨਾ ਅਤੇ ਉਸਾਰੂ ਤੌਰ ‘ਤੇ ਗੱਲਬਾਤ ਦੀ ਕੋਸ਼ਿਸ਼ ਕਰਨਾ ਜਾਰੀ ਰੱਖੇਗੀ।
(ਸੀਬੀਸੀ ਨਿਊਜ਼)