GTA News Media

Top Info Bar
22.1°C Toronto Loading date...
Canada

ਕੈਨੇਡੀਅਨਜ਼ ਵਿਚ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਵਧੀ ਜਾਗਰੂਕਤਾ

ਕੈਨੇਡੀਅਨਜ਼ ਵਿਚ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਵਧੀ ਜਾਗਰੂਕਤਾ
Share this post via:

ਰੈਜ਼ੀਡੈਂਸ਼ੀਅਲ ਸਕੂਲਾਂ ਦੀ ਹਕੀਕਤ ਬਾਰੇ ਲੋਕਾਂ ਵਿਚ ਜਾਗਰੂਕਤਾ ਵਧੀ ਹੈ, ਪਰ ਇਹਨਾਂ ਸਕੂਲਾਂ ਦੇ ਪ੍ਰਭਾਵਾਂ ਬਾਰੇ ਕੈਨੇਡੀਅਨਜ਼ ਨੂੰ ਅਜੇ ਹੋਰ ਸਿੱਖਿਅਤ ਕੀਤੇ ਜਾਣ ਦੀ ਜ਼ਰੂਰਤ ਹੈ। ਯੂਨੀਵਰਸਿਟੀ ਔਫ਼ ਮੈਨੀਟੋਬਾ, ਯੂਨੀਵਰਸਿਟੀ ਔਫ਼ ਵਿਕਟੋਰੀਆ ਅਤੇ ਟੋਰੌਂਟੋ ਮੈਟਰੋਪੌਲੀਟਨ ਯੂਨੀਵਰਸਿਟੀ ਦੇ ਰਿਸਰਚਰਾਂ ਵੱਲੋਂ ਨੈਸ਼ਨਲ ਸੈਂਟਰ ਫ਼ੌਰ ਟ੍ਰੁੱਥ ਐਂਡ ਰੀਨਕਸੀਲੀਏਸ਼ਨ ਦੇ ਸਹਿਯੋਗ ਨਾਲ ਇਹ ਰਿਪੋਰਟ ਤਿਆਰ ਕੀਤੀ ਗਈ ਹੈ। ਇਸ ਰਿਪੋਰਟ ਵਿਚ ਗ਼ੈਰ-ਮੂਲਨਿਵਾਸੀ ਲੋਕਾਂ ਅਤੇ ਮੂਲਨਿਵਾਸੀ ਲੋਕਾਂ ਵਿਚ ਸਾਲ 2022 ਦੌਰਾਨ ਸੁਲ੍ਹਾ ਦੇ ਯਤਨਾਂ ਪ੍ਰਤੀ ਪ੍ਰਗਤੀ ਬਾਰੇ ਜਾਣਕਾਰੀ ਇੱਕਠੀ ਕੀਤੀ ਗਈ ਹੈ।

ਇਹ ਦੂਸਰਾ ਸਾਲ ਹੈ ਜਦੋਂ ਇਸ ਗਰੁੱਪ ਨੇ ਮੂਲਨਿਵਾਸੀ ਲੋਕਾਂ ਨਾਲ ਸੁਲ੍ਹਾ ਪ੍ਰਤੀ ਜਾਗਰੂਕਤਾ ਨੂੰ ਟਰੈਕ ਕੀਤਾ ਹੈ ਅਤੇ ਇਸ ਉਪਾਅ ਨੂੰ ਕੈਨੇਡੀਅਨ ਰੀਕਨਸੀਲੀਏਸ਼ਨ ਬੈਰੋਮੀਟਰ ਦਾ ਨਾਂ ਦਿੱਤਾ ਗਿਆ ਹੈ। ਟੀਮ ਨੇ ਇੱਕ ਔਨਲਾਈਨ ਪ੍ਰਸ਼ਨਾਵਲੀ ਰਾਹੀਂ ਦੇਸ਼ ਭਰ ਵਿੱਚ ਛੇ ਖੇਤਰਾਂ ਵਿੱਚ 3,174 ਮੂਲਵਾਸੀ ਅਤੇ ਗ਼ੈਰ-ਮੂਲਨਿਵਾਸੀ ਲੋਕਾਂ ਦਾ ਸਰਵੇਖਣ ਕੀਤਾ।

ਖੋਜਕਰਤਾਵਾਂ ਨੇ ਪਾਇਆ ਕਿ 90 ਪ੍ਰਤੀਸ਼ਤ ਗ਼ੈਰ-ਮੂਲਨਿਵਾਸੀ ਉੱਤਰਦਾਤਾਵਾਂ ਅਤੇ 94 ਪ੍ਰਤੀਸ਼ਤ ਮੂਲਨਿਵਾਸੀ ਉੱਤਰਦਾਤਾਵਾਂ ਨੇ ਰੈਜ਼ੀਡੈਂਸ਼ੀਅਲ ਸਕੂਲਾਂ ਬਾਰੇ ਪੜ੍ਹਿਆ ਜਾਂ ਸੁਣਿਆ ਸੀ, ਜੋ ਕਿ 2021 ਦੇ ਮੁਕਾਬਲੇ ਕ੍ਰਮਵਾਰ 65 ਪ੍ਰਤੀਸ਼ਤ ਅਤੇ 87 ਪ੍ਰਤੀਸ਼ਤ ਤੋਂ ਵੱਧ ਹੈ।

ਯੂਨੀਵਰਸਿਟੀ ਔਫ਼ ਵਿਕਟੋਰੀਆ ਨਾਲ ਸਬੰਧਤ ਇਸ ਪ੍ਰੋਜੈਕਟ ਨਾਲ ਜੁੜੇ ਮੂਲਨਿਵਾਸੀ (ਮੇਟੀ) ਰਿਸਰਚਰ, ਰਾਈ ਮੋਰਨ ਨੇ ਕਿਹਾ ਕਿ ਰੈਜ਼ੀਡੈਂਸ਼ੀਅਲ ਸਕੂਲ ਦੇ ਅਹਾਤੇ ਚੋਂ ਕਬਰਾਂ ਮਿਲਣ ਦੀਆਂ ਖ਼ਬਰਾਂ, ਪੋਪ ਫ਼੍ਰੈਂਸਿਸ ਦੀ ਕੈਨੇਡਾ ਫੇਰੀ ਦੌਰਾਨ ਮੂਲਨਿਵਾਸੀਆਂ ਤੋਂ ਮੁਆਫ਼ੀ ਅਤੇ ਫ਼ੈਡਰਲ ਸਰਕਾਰ ਵੱਲੋਂ ਨੈਸ਼ਨਲ ਡੇਅ ਫ਼ੌਰ ਟ੍ਰੁੱਥ ਐਂਡ ਰੀਨਕਸੀਲੀਏਸ਼ਨ ਮਨਾਉਣ ਵਰਗੇ ਕਾਰਨਾਂ ਕਰਕੇ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਅਤੇ ਮੂਲਨਿਵਾਸੀ ਲੋਕਾਂ ਬਾਰੇ ਜਾਗਰੂਕਤਾ ਵਿਚ ਵਾਧਾ ਹੋਇਆ ਹੈ।

150,000 ਤੋਂ ਵੱਧ ਫਸਟ ਨੇਸ਼ਨਜ਼, ਮੇਟੀ ਅਤੇ ਇਨੁਇਟ ਭਾਈਚਾਰੇ ਦੇ ਬੱਚਿਆਂ ਨੂੰ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਰੱਖਿਆ ਗਿਆ ਸੀ । ਕੈਥਲਿਕ ਚਰਚ ਵੱਲੋਂ ਚਲਾਏ ਜਾਂਦੇ ਇਹਨਾਂ ਸਕੂਲਾਂ ਵਿਚ ਮੂਲਨਿਵਾਸੀ ਬੱਚਿਆਂ ਨੂੰ ਉਹਨਾਂ ਦੀ ਭਾਸ਼ਾ ਅਤੇ ਸੱਭਿਆਚਾਰ ਤੋਂ ਵੱਖ ਕਰਕੇ ਕੈਥਲਿਕ ਕਦਰਾਂ ਕੀਮਤਾਂ ਅਤੇ ਭਾਸ਼ਾ ਸੀ ਸਿਖਲਾਈ ਦਿੱਤੀ ਜਾਂਦੀ ਸੀ।

ਇਹਨਾਂ ਰੈਜ਼ੀਡੈਂਸ਼ੀਅਲ ਸਕੂਲਾਂ ਵਿੱਚ ਅੰਦਾਜ਼ਨ 6,000 ਮੂਲਨਿਵਾਸੀ ਬੱਚਿਆਂ ਦੀ ਮੌਤ ਹਈ ਸੀ, ਪਰ ਬਹੁਤ ਸਾਰੇ ਮਾਹਰਾਂ ਦਾ ਮੰਨਣਾ ਹੈ ਕਿ ਅਸਲ ਗਿਣਤੀ ਵੱਧ ਹੋ ਸਕਦੀ ਹੈ। ਨੈਸ਼ਨਲ ਸੈਂਟਰ ਫ਼੍ਰੌਰ ਟ੍ਰੁੱਥ ਐਂਡ ਰੀਕਨਸੀਲੀਏਸ਼ਨ ਨੇ ਮਰਨ ਵਾਲੇ 4,000 ਤੋਂ ਵੱਧ ਲੋਕਾਂ ਦੇ ਨਾਮ ਦਰਜ ਕੀਤੇ ਹਨ।

ਸਰਵੇਖਣ ਵਿੱਚ ਉੱਤਰਦਾਤਾਵਾਂ ਨੇ ਕਿਹਾ ਕਿ ਉਹ 2022 ਵਿੱਚ ਉਸਤੋਂ ਪਿਛਲੇ ਸਾਲ ਦੇ ਮੁਕਾਬਲੇ ਰੈਜ਼ੀਡੈਂਸ਼ੀਅਲ ਸਕੂਲ ਪ੍ਰਣਾਲੀ ਦੇ ਨੁਕਸਾਨਾਂ ਬਾਰੇ ਵਧੇਰੇ ਜਾਣੂ ਸਨ। ਖੋਜਕਰਤਾਵਾਂ ਨੇ ਕਿਹਾ ਕਿ ਇਹ ਰੁਝਾਨ ਆਸ਼ਾਵਾਦੀ ਹੈ, ਪਰ ਸਿੱਖਿਆ ‘ਤੇ ਨਿਰੰਤਰ ਫੋਕਸ ਮਹੱਤਵਪੂਰਨ ਹੈ ਕਿਉਂਕਿ ਜਾਗਰੂਕਤਾ ਇਸ ਯਾਤਰਾ ਦੀ ਮਹਿਜ਼ ਸ਼ੁਰੂਆਤ ਹੈ।

ਰਿਪੋਰਟ ਦਰਸਾਉਂਦੀ ਹੈ ਕਿ 2022 ਵਿੱਚ, ਮੂਲਨਿਵਾਸੀ ਉੱਤਰਦਾਤਾਵਾਂ ਨੇ ਕਿਹਾ ਕਿ ਮੂਲਨਿਵਾਸੀ ਲੋਕਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਸਮੂਹਾਂ ਨੇ ਆਪਣੀਆਂ ਕਾਰਵਾਈਆਂ ਲਈ ਪੂਰੀ ਜ਼ਿੰਮੇਵਾਰੀ ਨਹੀਂ ਲਈ ਹੈ, ਪਰ ਗ਼ੈਰ-ਮੂਲਨਿਵਾਸੀ ਉੱਤਰਦਾਤਾ ਇਸ ਸੋਚ ਵੱਲ ਥੋੜ੍ਹਾ ਜ਼ਿਆਦਾ ਝੁਕਾਅ ਰੱਖਦੇ ਸਨ ਕਿ ਉਕਤ ਸਮੂਹਾਂ ਨੇ ਇਸ ਬਾਬਤ ਕਾਫ਼ੀ ਕੰਮ ਕੀਤਾ ਹੈ।

ਔਸਤਨ, 23 ਪ੍ਰਤੀਸ਼ਤ ਗ਼ੈਰ-ਮੂਲਨਿਵਾਸੀ ਉੱਤਰਦਾਤਾਵਾਂ ਅਤੇ 26 ਪ੍ਰਤੀਸ਼ਤ ਮੂਲਨਿਵਾਸੀ ਉੱਤਰਦਾਤਾਵਾਂ ਨੇ ਕਿਹਾ ਕਿ ਕੈਨੇਡਾ ਵਿੱਚ ਮੂਲਨਿਵਾਸੀ ਅਤੇ ਗ਼ੈਰ-ਮੂਲਨਿਵਾਸੀ ਲੋਕਾਂ ਦੇ ਜੀਵਨ ਦੀ ਗੁਣਵੱਤਾ ਬਰਾਬਰ ਹੈ। 2021 ਵਿੱਚ ਇਹ ਕ੍ਰਮਵਾਰ 28 ਪ੍ਰਤੀਸ਼ਤ ਅਤੇ 24 ਪ੍ਰਤੀਸ਼ਤ ਸੀ।

(ਸੀਬੀਸੀ ਨਿਊਜ਼)