ਕੈਨੇਡਾ ਸਰਕਾਰ ਨੇ 35 ਰੂਸੀ ਨਾਗਰਿਕਾਂ ਅਤੇ 6 ਊਰਜਾ ਖੇਤਰ ਦੀਆਂ ਸੰਸਥਾਵਾਂ ‘ਤੇ ਪਾਬੰਦੀ ਦਾ ਕੀਤਾ ਐਲਾਨ
ਯੂਕਰੇਨ ਹਮਲੇ ਦੇ ਜਵਾਬ ‘ਚ ਕੈਨੇਡੀਅਨ ਸਰਕਾਰ ਨੇ ਸ਼ੁੱਕਰਵਾਰ ਨੂੰ 35 ਰੂਸੀ ਨਾਗਰਿਕਾਂ ਅਤੇ 6 ਰੂਸੀ ਊਰਜਾ ਖੇਤਰ ਦੀਆਂ ਸੰਸਥਾਵਾਂ ‘ਤੇ ਪਾਬੰਦੀ ਦਾ ਐਲਾਨ ਕੀਤਾ ਹੈ। ਇਹ ਐਲਾਨ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਪਾਬੰਦੀਆਂ ਵਿੱਚ ਰੂਸ ਦੀ ਮਲਕੀਅਤ ਵਾਲੀ ਊਰਜਾ ਕੰਪਨੀ ਗੈਜ਼ਪ੍ਰੋਮ ਅਤੇ ਛੇ ਊਰਜਾ ਖੇਤਰ ਦੀਆਂ ਸੰਸਥਾਵਾਂ ਨਾਲ ਜੁੜੇ ਲੋਕ ਸ਼ਾਮਿਲ ਹਨ।
ਟਰੂਡੋ ਨੇ ਇੱਕ ਬਿਆਨ ਵਿੱਚ ਕਿਹਾ, “ਰੂਸ ਯੂਕਰੇਨ ਦੇ ਖਿਲਾਫ ਆਪਣੇ ਗੈਰ ਕਾਨੂੰਨੀ ਹਮਲੇ ਜਾਰੀ ਰੱਖਣ ਦੇ ਵਿਚਾਲੇ ਕੈਨੇਡੀਅਨ ਸਰਕਾਰ ਯੂਕਰੇਨ ਦੀ ਸਰਕਾਰ ਅਤੇ ਇਸਦੇ ਲੋਕਾਂ ਦਾ ਸਮਰਥਨ ਕਰਨਾ ਜਾਰੀ ਰੱਖੇਗੀ।” ਇਸ ਤੋਂ ਪਹਿਲਾ ਰੂਸ ਨੇ ਵੀ ਪਿਛਲੇ ਮਹੀਨੇ ਹੀ ਕੈਨੇਡਾ ਦੇ 55 ਨਾਗਰਿਕਾਂ ‘ਤੇ ਪਾਬੰਦੀਆਂ ਲਗਾਈਆਂ ਸਨ। ਹੁਣ ਇਹ ਸਿਲਸਿਲਾ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ। ਹਰ ਮਹੀਨੇ ਕੈਨੇਡਾ ਅਤੇ ਰੂਸ ਇਕ ਦੂਜੇ ਦੇ ਨਾਗਰਿਕਾਂ ‘ਤੇ ਪਾਬੰਦੀ ਲਗਾਉਂਦੇ ਨਜ਼ਰ ਆ ਰਹੇ ਹਨ ।
ਕੈਨੇਡਾ ਨੇ ਯੂਕਰੇਨ ਲਈ ਫੰਡ ਜੁਟਾਉਣ ਲਈ ਸਰਕਾਰ-ਸਮਰਥਿਤ 5-ਸਾਲ ਬਾਂਡ ਵੇਚਣ ਦਾ ਐਲਾਨ ਕੀਤਾ ਹੈ। ਕੈਨੇਡਾ ਅਜਿਹਾ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵਿਨੀਪੈਗ ਵਿੱਚ ਯੂਕਰੇਨੀਅਨ ਕੈਨੇਡੀਅਨ ਕਾਂਗਰਸ ਦੀ ਸਾਲਾਨਾ ਮੀਟਿੰਗ ਵਿੱਚ ਐਲਾਨ ਕੀਤਾ ਕਿ ਕੈਨੇਡੀਅਨ ਹੁਣ ਵਿਆਜ ਸਮੇਤ ਪੰਜ ਸਾਲਾਂ ਬਾਅਦ ਪਰਿਪੱਕ ਹੋਣ ਵਾਲੇ ਬਾਂਡ ਖਰੀਦਣ ਲਈ ਵੱਡੇ ਬੈਂਕਾਂ ਵਿੱਚ ਜਾ ਸਕਣਗੇ। ਇਹ ਫੰਡ ਯੂਕਰੇਨ ਦੀ ਸਰਕਾਰ ਦੀ ਸਹਾਇਤਾ ਲਈ ਵਰਤੇ ਜਾਣਗੇ।