GTA News Media

Top Info Bar
22.1°C Toronto Loading date...
Canada Featured

ਜ਼ਿਆਦਾਤਰ ਕੈਨੇਡੀਅਨਜ਼ ਫ਼ੈਡਰਲ ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਦੇ ਪੱਖ ਵਿਚ: ਸਰਵੇਖਣ

ਜ਼ਿਆਦਾਤਰ ਕੈਨੇਡੀਅਨਜ਼ ਫ਼ੈਡਰਲ ਚੋਣਾਂ ‘ਚ ਵਿਦੇਸ਼ੀ ਦਖ਼ਲ ਦੀ ਜਾਂਚ ਦੇ ਪੱਖ ਵਿਚ: ਸਰਵੇਖਣ
Share this post via:

ਇੱਕ ਨਵੇਂ ਸਰਵੇਖਣ ਵਿਚ ਸਾਹਮਣੇ ਆਇਆ ਹੈ ਕਿ ਜ਼ਿਆਦਾਤਰ ਕੈਨੇਡੀਅਨਜ਼ ਨੇ ਚੋਣ ਪ੍ਰਣਾਲੀ ਨੂੰ ਸੁਰੱਖਿਅਤ ਮੰਨਿਆ ਹੈ, ਪਰ ਉਹ ਚਾਹੁੰਦੇ ਹਨ ਕਿ ਫ਼ੈਡਰਲ ਚੋਣਾਂ ਵਿਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ। 10 ਤੋਂ 12 ਮਾਰਚ ਦੇ ਦਰਮਿਆਨ ਮਾਰਕੀਟ ਰਿਸਰਚ ਫ਼ਰਮ ਲੈਜਰ ਨੇ ਇੱਕ ਸਰਵੇਖਣ ਕੀਤਾ ਸੀ, ਜਿਸ ਵਿਚ 1,544 ਲੋਕਾਂ ਨੇ ਹਿੱਸਾ ਲਿਆ ਸੀ। ਜਿਹਨਾਂ ਤੋਂ ਚੋਣਾਂ ਵਿਚ ਵਿਦੇਸ਼ੀ ਦਖ਼ਲ ਤੋਂ ਲੈਕੇ ਚੋਣ ਪ੍ਰਣਾਲੀ ਨਾਲ ਸਬੰਧਤ ਕਈ ਸਵਾਲ ਪੁੱਛੇ ਗਏ ਸਨ। ਸਰਵੇਖਣ ਵਿਚ ਸਾਹਮਣੇ ਆਇਆ ਕਿ 71 ਫ਼ੀਸਦੀ ਕੈਨੇਡੀਅਨਜ਼ ਦਾ ਮੰਨਣਾ ਹੈ ਕਿ ਕੈਨੇਡਾ ਦੀ ਚੋਣ ਪ੍ਰਣਾਲੀ ਸੁਰੱਖਿਅਤ ਹੈ, ਪਰ 29 ਫ਼ੀਸਦੀ ਇਸਨੂੰ ਅਸੁਰੱਖਿਅਤ ਮਹਿਸੂਸ ਕਰਦੇ ਹਨ।

ਗਲੋਬ ਐਂਡ ਮੇਲ ਅਤੇ ਗਲੋਬਲ ਨਿਊਜ਼ ਦੀਆਂ ਮੀਡੀਆਂ ਰਿਪੋਰਟਾਂ ਤੋਂ ਬਾਅਦ 2019 ਅਤੇ 2021 ਦੀਆਂ ਫ਼ੈਡਰਲ ਚੋਣਾਂ ਵਿਚ ਚੀਨ ਦੀ ਦਖ਼ਲਅੰਦਾਜ਼ੀ ਦੇ ਇਲਜ਼ਾਮਾਂ ਨੇ ਅੱਜਕਲ ਕੈਨੇਡੀਅਨ ਸਿਆਸਤ ਵਿਚ ਹਲਚਲ ਮਚਾਈ ਹੋਈ ਹੈ। ਜਿਨ੍ਹਾਂ ਵਿਚ ਕਿਹਾ ਗਿਆ ਹੈ ਕਿ ਚੀਨ ਨੇ ਚੀਨ ਸਰਕਾਰ ਦੇ ਨਜ਼ਦੀਕੀ ਮੰਨੇ ਜਾਣ ਵਾਲੇ ਉਮੀਦਵਾਰਾਂ ਨੂੰ ਜਿਤਾਉਣ ਅਤੇ 2021 ਵਿਚ ਲਿਬਰਲ ਸਰਕਾਰ ਦੀ ਜਿੱਤ ਸੁਨਿਸ਼ਚਿਤ ਕਰਨ ਲਈ ਦਖ਼ਲ ਦੇਣ ਦੀ ਕੋਸ਼ਿਸ਼ ਕੀਤੀ ਸੀ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਾਸ਼ਟਰੀ ਸੁਰੱਖਿਆ ਮਾਮਲਿਆਂ ਦੀ ਨਿਗਰਾਨੀ ਕਰਨ ਵਾਲੀਆਂ ਪਾਰਲੀਮੈਂਟ ਦੀਆਂ ਕਮੇਟੀਆਂ ਨੂੰ ਚੋਣਾਂ ਵਿਚ ਵਿਦੇਸ਼ੀ ਦਖ਼ਲ ਦੀ ਜਾਂਚ ਦਾ ਕੰਮ ਸੌਂਪਿਆ ਹੈ। ਇਸ ਤੋਂ ਇਲਾਵਾ ਇਸ ਬਾਬਤ ਇੱਕ ਵਿਸ਼ੇਸ਼ ਅਧਿਕਾਰੀ ਦੀ ਨਿਯੁਕਤੀ ਦਾ ਵੀ ਐਲਾਨ ਕੀਤਾ ਹੈ। ਵਿਰੋਧੀ ਪਾਰਟੀਆਂ ਇਸ ਮਾਮਲੇ ਦੀ ਸੁਤੰਤਰ ਜਾਂਚ ਦੀ ਮੰਗ ਕਰਦੀਆਂ ਰਹੀਆਂ ਹਨ।

ਲਿਬਰਲ ਪਾਰਟੀ ਨੂੰ ਵੋਟ ਪਾਉਣ ਵਾਲੇ 93 ਫ਼ੀਸਦੀ ਸਰਵੇਖਣ ਚ ਸ਼ਾਮਲ ਲੋਕਾਂ ਦਾ ਮੰਨਣਾ ਹੈ ਕਿ ਮੁਲਕ ਦੀ ਚੋਣ ਪ੍ਰਣਾਲੀ ਸੁਰੱਖਿਅਤ ਹੈ। ਇਸ ਤੋਂ ਵੱਖ, ਕੰਜ਼ਰਵੇਟਿਵ ਵੋਟਰਾਂ ਵਿਚੋਂ 52 ਫ਼ੀਸਦੀ ਚੋਣ ਸਿਸਟਮ ਨੂੰ ਸੁਰੱਖਿਅਤ ਮੰਨਦੇ ਹਨ ਅਤੇ 48 ਫ਼ੀਸਦੀ ਨੇ ਕਿਹਾ ਕਿ ਉਹ ਇਸਨੂੰ ਸੁਰੱਖਿਅਤ ਨਹੀਂ ਮੰਨਦੇ। 92 ਫ਼ੀਸਦੀ ਲਿਬਰਲ ਵੋਟਰ ਅਤੇ 81 ਫ਼ੀਸਦੀ ਐਨਡੀਪੀ ਵੋਟਰਾਂ ਨੇ ਕਿਹਾ ਕਿ ਉਹ ਆਮ ਤੌਰ ‘ਤੇ ਕੈਨੇਡਾ ਵਿਚ ਚੋਣ ਨਤੀਜਿਆਂ ਵਿਚ ਵਿਸ਼ਵਾਸ ਕਰਦੇ ਹਨ। ਬਲੌਕ ਕਿਊਬੈਕਵਾ ਦੇ ਸਮਰਥਕਾਂ ਵਿਚੋਂ 75 ਫ਼ੀਸਦੀ ਨੇ ਚੋਣਾਂ ਵਿਚ ਵਿਸ਼ਵਾਸ ਕਰਨ ਦੀ ਗੱਲ ਆਖੀ ਜਦਕਿ ਗ੍ਰੀਨ ਪਾਰਟੀ ਦੇ ਵੋਟਰਾਂ ਦੀ ਇਹ ਪ੍ਰਤੀਸ਼ਤਤਾ 64 ਫ਼ੀਸਦੀ ਰਹੀ। ਸਿਰਫ਼ 55 ਫ਼ੀਸਦੀ ਕੰਜ਼ਰਵੇਟਿਵ ਵੋਟਰਾਂ ਨੇ ਕਿਹਾ ਕਿ ਉਹ ਆਮ ਤੌਰ ‘ਤੇ ਚੋਣਾਂ ‘ਤੇ ਭਰੋਸਾ ਕਰਦੇ ਹਨ, ਜਦਕਿ 36 ਫ਼ੀਸਦੀ ਨੇ ਕਿਹਾ ਕਿ ਉਹ ਭਰੋਸਾ ਨਹੀਂ ਕਰਦੇ। ਚੋਣਾਂ ਵਿਚ ਸਭ ਤੋਂ ਘੱਟ ਵਿਸ਼ਵਾਸ ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਸਮਰਥਕਾਂ ਵਿੱਚ ਸੀ।

ਦ ਕੈਨੇਡੀਅਨ ਪ੍ਰੈੱਸ