GTA News Media

Top Info Bar
22.1°C Toronto Loading date...
Canada

ਜੀ-7 ਬੈਠਕ ਦੌਰਾਨ ਕੈਨੇਡਾ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ

ਜੀ-7 ਬੈਠਕ ਦੌਰਾਨ ਕੈਨੇਡਾ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਕੀਤਾ ਐਲਾਨ
Share this post via:

ਕੈਨੇਡਾ ਨੇ ਰੂਸ ਖ਼ਿਲਾਫ਼ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ ਹੈ। ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਜੀ-7 ਸਿਖਰ ਵਾਰਤਾ ਵਿਚ ਸ਼ਾਮਲ ਹੋਣ ਲਈ ਜਪਾਨ ਦੇ ਹੀਰੋਸ਼ੀਮਾ ਪਹੁੰਚੇ ਹੋਏ ਹਨ। ਇਸ ਅੰਤਰਰਾਸ਼ਟਰੀ ਬੈਠਕ ਦੌਰਾਨ ਹੀ ਟ੍ਰੂਡੋ ਨੇ ਨਵੀਆਂ ਪਾਬੰਦੀਆਂ ਦਾ ਐਲਾਨ ਕੀਤਾ।ਸ਼ੁੱਕਰਵਾਰ ਨੂੰ ਮੀਡੀਆ ਨਾਲ ਸੰਖੇਪ ਵਿਚ ਗੱਲ ਕਰਦਿਆਂ, ਪ੍ਰਧਾਨ ਮੰਤਰੀ ਨੇ ਕਿਹਾ ਕਿ 70 ਤੋਂ ਵੱਧ ਨਵੀਆਂ ਪਾਬੰਦੀਆਂ ਉਨ੍ਹਾਂ ਲੋਕਾਂ ‘ਤੇ ਕੇਂਦਰਤ ਹਨ ਜੋ ਰੂਸ ਦੀ ਗ਼ੈਰ-ਕਾਨੂੰਨੀ ਫ਼ੌਜੀ ਕਾਰਵਾਈ ਦੇ ਸਮਰਥਕ ਹਨ ਅਤੇ ਮਨੁੱਖੀ ਅਧਿਕਾਰਾਂ ਦੇ ਘਾਣ ਵਿਚ ਸ਼ਾਮਲ ਹਨ।

ਟ੍ਰੂਡੋ ਨੇ ਕਿਹਾ ਕਿ ਕੈਨੇਡਾ ਯੂਕਰੇਨ ਅਤੇ ਅੰਤਰਰਾਸ਼ਟਰੀ ਨਿਯਮਾਂ ‘ਤੇ ਅਧਾਰਤ ਵਿਵਸਥਾ ਦਾ ਸਮਰਥਨ ਜਾਰੀ ਰੱਖੇਗਾ। ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਕਹਿਣਾ ਹੈ ਕਿ ਉਕਤ ਪਾਬੰਦੀਆਂ 17 ਵਿਅਕਤੀਆਂ ਅਤੇ ਰੂਸੀ ਕੰਪਨੀਆਂ ਨਾਲ ਜੁੜੇ 18 ਅਦਾਰਿਆਂ ‘ਤੇ ਸ਼ਾਮਲ ਹਨ, ਜੋ ਰੂਸ ਦੀਆਂ ਫ਼ੌਜਾਂ ਨੂੰ ਮਿਲਿਟ੍ਰੀ ਤਕਨੀਕ ਪ੍ਰਦਾਨ ਕਰਦੇ ਹਨ। ਪਾਬੰਦੀਸ਼ੁਦਾ ਵਿਅਕਤੀਆਂ ਦੀ ਸੂਚੀ ਵਿਚ ਸ਼੍ਰੇਣੀਬੱਧ ਕੀਤੇ ਲੋਕਾਂ ਦੇ ਪਰਿਵਾਰਕ ਮੈਂਬਰ ਵੀ ਸ਼ਾਮਲ ਹਨ।

ਇਸ ਤੋਂ ਇਲਾਵਾ ਉਕਤ ਪਾਬੰਦੀਆਂ 30 ਹੋਰ ਵਿਅਕਤੀਆਂ ਅਤੇ 8 ਅਦਾਰਿਆਂ ‘ਤੇ ਵੀ ਲਾਗੂ ਕੀਤੀਆਂ ਗਈਆਂ ਹਨ, ਜੋ ਰੂਸ ਵਿਚ ਮਨੁੱਖੀ ਅਧਿਕਾਰਾਂ ਦੇ ਘਾਣ ਵਿਚ ਸ਼ਾਮਲ ਰਹੇ ਹਨ, ਜਿਸ ਵਿਚ ਯੂਕਰੇਨੀ ਬੱਚਿਆਂ ਨੂੰ ਰੂਸ ਭੇਜਣਾ ਅਤੇ ਹਿਰਾਸਤ ਵਿਚ ਰੱਖਣਾ ਸ਼ਾਮਲ ਹੈ। ਮਾਰਚ ਵਿੱਚ, ਇੰਟਰਨੈਸ਼ਨਲ ਕ੍ਰਿਮਿਨਲ ਕੋਰਟ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਅਤੇ ਰੂਸੀ ਬਾਲ ਅਧਿਕਾਰ ਕਮਿਸ਼ਨਰ ਮਾਰੀਆ ਲਵੋਵਾ-ਬੇਲੋਵਾ ਉੱਤੇ ਯੂਕਰੇਨ ਤੋਂ ਬੱਚਿਆਂ ਨੂੰ ਅਗਵਾ ਕਰਨ ਦਾ ਦੋਸ਼ ਲਗਾਉਂਦਿਆਂ ਦੋਵਾਂ ਖ਼ਿਲਾਫ਼ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਸਨ।

ਦ ਕੈਨੇਡੀਅਨ ਪ੍ਰੈੱਸ