ਨਿੱਝਰ ਕਤਲਕਾਂਡ ਦੀ ਜਾਂਚ ‘ਚ ਦੇਰੀ ‘ਤੇ RCMP ਦਾ ਬਿਆਨ
ਖ਼ਾਲਿਸਤਾਨੀ ਆਗੂ ਹਰਦੀਪ ਸਿੰਘ ਨਿੱਝਰ ਦਾ ਗੋਲੀਆਂ ਮਾਰ ਕੇ ਕਤਲ ਕਰਨ ਦੇ ਮਾਮਲੇ ਵਿੱਚ ਘਟਨਾ ਸਥਾਨ ‘ਤੇ ਦੇਰੀ ਨਾਲ ਪਹੁੰਚਣ ਦਾ ਦਾਅਵਾ ਕਰਨ ਵਾਲੀ ਮੀਡੀਆ ਰਿਪੋਰਟ ਨੂੰ ਖਾਰਜ ਕਰਦਿਆਂ RCMP ਨੇ ਕਿਹਾ ਕਿ ਉਸ ਦੇ ਅਧਿਕਾਰੀ ਘਟਨਾ ਦੇ 4 ਮਿੰਟਾਂ ਦੇ ਅੰਦਰ ਮੌਕੇ ‘ਤੇ ਪਹੁੰਚ ਗਏ ਸਨ। RCMP ਦੇ ਸਰੀ ਡਿਵੀਜ਼ਨ ਦਾ ਇਹ ਸਪਸ਼ਟੀਕਰਨ ਵਾਸ਼ਿੰਗਟਨ ਪੋਸਟ ਦੀ ਇੱਕ ਰਿਪੋਰਟ ਤੋਂ ਬਾਅਦ ਆਇਆ ਹੈ, ਜਿਸ ਵਿੱਚ ਕਿਹਾ ਗਿਆ ਸੀ ਕਿ 18 ਜੂਨ ਨੂੰ ਸਰੀ ਦੇ ਇੱਕ ਗੁਰਦੁਆਰੇ ਦੀ ਪਾਰਕਿੰਗ ਵਿੱਚ ਨਿੱਝਰ ਦੇ ਕਤਲ ਵਿੱਚ ਘੱਟੋ-ਘੱਟ 6 ਲੋਕ ਅਤੇ 2 ਵਾਹਨ ਸ਼ਾਮਲ ਸਨ। ਗਵਾਹਾਂ ਦਾ ਹਵਾਲਾ ਦਿੰਦੇ ਹੋਏ, ਰਿਪੋਰਟ ਵਿਚ ਕਿਹਾ ਗਿਆ ਹੈ ਕਿ ਗੋਲੀਆਂ ਚੱਲਣ ਤੋਂ ਬਾਅਦ ਪੁਲਸ ਨੂੰ ਪਹੁੰਚਣ ਵਿਚ 12 ਤੋਂ 20 ਮਿੰਟ ਲੱਗ ਗਏ। ਸਰੀ RCMP ਨੇ ਇੱਕ ਬਿਆਨ ਵਿੱਚ ਕਿਹਾ, “ਇਸ ਘਟਨਾ ਦੇ ਸਬੰਧ ਵਿੱਚ 911 ‘ਤੇ ਪਹਿਲੀ ਕਾਲ ਰਾਤ 8.27 ਵਜੇ ਆਈ ਸੀ ਅਤੇ ਅਧਿਕਾਰੀ 4 ਮਿੰਟਾਂ ਵਿੱਚ ਘਟਨਾ ਸਥਾਨ ‘ਤੇ ਪਹੁੰਚ ਗਏ ਸਨ, ਜਿਸ ਤੋਂ ਥੋੜ੍ਹੀ ਦੇਰ ਬਾਅਦ ਹੋਰ ਅਧਿਕਾਰੀ ਘਟਨਾ ਸਥਾਨ ‘ਤੇ ਪਹੁੰਚ ਗਏ ਸਨ।”
ਰਿਪੋਰਟ ਵਿੱਚ ਇੱਕ ਗਵਾਹ ਦਾ ਹਵਾਲਾ ਦਿੰਦੇ ਹੋਏ ਕਿਹਾ ਗਿਆ ਹੈ ਕਿ ਜਾਂਚ ਦੀ ਅਗਵਾਈ ਕਰਨ ਨੂੰ ਲੈ ਕੇ ਸਰੀ ਪੁਲਸ ਅਤੇ RCMP ਵਿਚਕਾਰ “ਘੰਟਿਆਂ ਤੱਕ ਲੰਮੀ ਤਕਰਾਰ” ਹੋਈ, ਜਿਸ ਕਾਰਨ ਹੋਰ ਦੇਰੀ ਹੋਈ। ਕੈਨੇਡੀਅਨ ਲਾਅ ਇਨਫੋਰਸਮੈਂਟ ਨੇ ਕਿਹਾ, “ਇਹ ਸੁਝਾਅ ਦਿੱਤਾ ਗਿਆ ਸੀ ਕਿ ਇਸ ਗੱਲ ਨੂੰ ਲੈ ਕੇ ਵਿਵਾਦ ਸੀ ਕਿ ਕਿਹੜੀ ਪੁਲਸ ਏਜੰਸੀ ਜਾਂਚ ਦੀ ਅਗਵਾਈ ਕਰੇਗੀ, ਹਾਲਾਂਕਿ ਅਧਿਕਾਰ ਖੇਤਰ ਦੀ ਪੁਲਸ ਵਜੋਂ ਸਰੀ ਵਿਚ ਸਾਰੀਆਂ ਪੁਲਸ ਜਾਂਚਾਂ ਲਈ ਆਰ.ਸੀ.ਐੱਮ.ਪੀ. ਸਰੀ ਜ਼ਿੰਮੇਵਾਰ ਹੈ। ਇਸ ਵਿੱਚ ਅੱਗੇ ਕਿਹਾ ਗਿਆ ਹੈ ਕਿ “ਇਸ ਗੱਲ ਦਾ ਕੋਈ ਸੰਕੇਤ ਨਹੀਂ ਹੈ ਕਿ ਇਸ ਜਾਂਚ ਵਿੱਚ ਕਿਸੇ ਵੀ ਤਰੀਕੇ ਨਾਲ ਦੇਰੀ ਹੋਈ ਹੈ। ਕਿਸੇ ਵੀ ਤਰ੍ਹਾਂ ਦੀ ਦੇਰੀ ਨਾ ਤਾਂ ਸ਼ੁਰੂਆਤੀ ਪ੍ਰਤੀਕਿਰਿਆ ਵਿੱਚ ਹੋਈ ਅਤੇ ਨਾ ਹੀ ਬਾਅਦ ਦੀ ਜਾਂਚ ਵਿੱਚ ਹੋਈ।”
ਕਤਲ ਨਾਲ ਸਬੰਧਤ ਮਾਮਲੇ ਦੀ ਜਾਂਚ ਦੀ ਜ਼ਿੰਮੇਵਾਰੀ ਆਰ.ਸੀ.ਐੱਮ.ਪੀ. ਦੇ ਸਹਿਯੋਗ ਨਾਲ ਏਕੀਕ੍ਰਿਤ ਹੋਮੀਸਾਈਡ ਇਨਵੈਸਟੀਗੇਸ਼ਨ ਟੀਮ (IHIT) ਨੂੰ ਸੌਂਪੀ ਗਈ ਸੀ। ਆਰ.ਸੀ.ਐੱਮ.ਪੀ. ਨੇ ਆਪਣੇ ਬਿਆਨ ਵਿੱਚ ਕਿਹਾ ਕਿ ਸਾਨੂੰ ਭਰੋਸਾ ਹੈ ਕਿ ਕਤਲ ਲਈ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਠਹਿਰਾਉਣ ਲਈ ਸਾਰੇ ਲੋੜੀਂਦੇ ਜਾਂਚ ਕਦਮ ਚੁੱਕੇ ਜਾ ਰਹੇ ਹਨ। ਸਰੀ RCMP ਨੇ ਕਿਹਾ ਕਿ ਉਸ ਨੇ ਗੁਰਦੁਆਰਿਆਂ ਅਤੇ ਮੰਦਰਾਂ ਦੇ ਆਲੇ-ਦੁਆਲੇ ਗਸ਼ਤ ਵਧਾ ਦਿੱਤੀ ਹੈ।