ਪ੍ਰਿੰਸ ਐਡਵਰਡ ਆਈਲੈਂਡ ਚੋਣਾਂ: ਪ੍ਰੋਗਰੈਸਿਵ ਕੰਜ਼ਰਵੇਟਿਵਜ਼ 27 ਵਿਚੋਂ 22 ਸੀਟਾਂ ਜਿੱਤੀਆਂ
ਪ੍ਰਿੰਸ ਐਡਵਰਡ ਆਈਲੈਂਡ ਵਿਚ ਸੂਬਾਈ ਚੋਣਾਂ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵਜ਼ ਇੱਕ ਵਾਰੀ ਫ਼ਿਰ ਸੱਤਾ ਵਿਚ ਆ ਗਏ ਹਨ। ਸੂਬੇ ਦੀਆਂ 27 ਰਾਈਡਿੰਗਜ਼ ਵਿਚੋਂ 22 ਉੱਤੇ ਪ੍ਰੀਮੀਅਰ ਡੈਨਿਸ ਕਿੰਗ ਦੀ ਅਗਵਾਈ ਵਾਲੀ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੇ ਜਿੱਤ ਦਰਜ ਕੀਤੀ। ਲਿਬਰਲ ਪਾਰਟੀ ਨੂੰ ਤਿੰਨ ਸੀਟਾਂ ਮਿਲੀਆਂ ਅਤੇ ਗ੍ਰੀਨ ਪਾਰਟੀ ਦੋ ਸੀਟਾਂ ‘ਤੇ ਸਿਮਟ ਗਈ। ਕੰਜ਼ਰਵੇਟਿਵਜ਼ ਨੂੰ 55.9 ਫ਼ੀਸਦੀ ਵੋਟਾਂ ਪ੍ਰਾਪਤ ਹੋਈਆਂ।
ਚੋਣਾਂ ਲਈ ਸੂਬਾਈ ਲਜਿਸਲੇਚਰ ਭੰਗ ਹੋਣ ਤੋਂ ਪਹਿਲਾਂ ਕੰਜ਼ਰਵੇਟਿਵਜ਼ ਕੋਲ 15 ਸੀਟਾਂ ਸਨ। ਗ੍ਰੀਨ ਪਾਰਟੀ ਕੋਲ 8 ਅਤੇ ਲਿਬਰਲਾਂ ਕੋਲ 4 ਸੀਟਾਂ ਸਨ। 2019 ਵਿਚ ਲਿਬਰਲ ਪਾਰਟੀ ਨੇ ਸੱਤਾ ਗੁਆਈ ਸੀ। ਅਪ੍ਰੈਲ 2019 ਵਿਚ ਪ੍ਰਿੰਸ ਐਡਵਰਡ ਆਈਲੈਂਡ ਕੈਨੇਡਾ ਦਾ ਪਹਿਲਾ ਸੂਬਾ ਬਣਿਆ ਸੀ ਜਿੱਥੇ ਗ੍ਰੀਨ ਪਾਰਟੀ ਅਧਿਕਾਰਤ ਵਿਰੋਧੀ ਧਿਰ ਸੀ। ਸੋਮਵਾਰ ਰਾਤ ਨੂੰ ਕੈਮਰੌਨ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਅਫਸੋਸ ਹੈ ਕਿ ਆਈਲੈਂਡ ਵਾਸੀਆਂ ਨੂੰ ਆਪਣੇ ਲਿਬਰਲ ਉਮੀਦਵਾਰਾਂ ਨੂੰ ਜਾਣਨ ਦਾ ਵਧੀਆ ਮੌਕਾ ਨਹੀਂ ਮਿਲਿਆ ਕਿਉਂਕਿ ਡੈਨਿਸ ਕਿੰਗ ਨੇ ਸੂਬੇ ਦੀ ਨਿਸ਼ਚਿਤ ਚੋਣ ਮਿਤੀ ਤੋਂ ਛੇ ਮਹੀਨੇ ਪਹਿਲਾਂ ਚੋਣਾਂ ਕਰਵਾ ਲਈਆਂ ਹਨ।
ਡੈਨਿਸ ਕਿੰਗ ਨੇ ਚੋਣ ਨਤੀਜਿਆਂ ‘ਤੇ ਖ਼ੁਸ਼ੀ ਅਤੇ ਮਾਣ ਦਾ ਇਜ਼ਹਾਰ ਕੀਤਾ। ਕਿੰਗ ਨੇ ਕਿਹਾ, “ਅੱਜ ਅਸੀਂ ਜਸ਼ਨ ਮਨਾ ਰਹੇ ਹਾਂ। ਪਰ ਕਲ ਅਸੀਂ ਆਪਣੇ ਸੂਬੇ ਦੇ ਪੁਨਰ ਨਿਰਮਾਣ ਅਤੇ ਇਸ ਨੂੰ ਰਹਿਣ ਵਾਸਤੇ ਸਰਬੋਤਮ ਥਾਂ ਬਣਾਉਣ ਲਈ ਜੁਟ ਜਾਵਾਂਗੇ”।