ਫ਼ੈਡਰਲ ਚੋਣਾਂ ਦੀ ਸੁਤੰਤਰ ਜਾਂਚ ਦੀਆਂ ਜਨਤਕ ਸੁਣਵਾਈਆਂ ਦਾ ਸਿਲਸਿਲਾ ਸ਼ੁਰੂ
ਫ਼ੈਡਰਲ ਚੋਣਾਂ ਚ ਵਿਦੇਸ਼ੀ ਦਖ਼ਲਅੰਦਾਜ਼ੀ ਦੀ ਸੁਤੰਤਰ ਜਾਂਚ ਦੀਆਂ ਜਨਤਕ ਸੁਣਵਾਈਆਂ ਦਾ ਸਿਲਸਿਲਾ ਅੱਜ ਤੋਂ ਸ਼ੁਰੂ ਹੋ ਗਿਆ ਹੈ। ਪਹਿਲਾ ਕੰਮ ਇਹ ਨਿਰਧਾਰਿਤ ਕਰਨਾ ਹੋਵੇਗਾ ਕਿ ਕਿਹੜੀ ਜਾਣਕਾਰੀ ਦਾ ਜਨਤਕ ਖ਼ੁਲਾਸਾ ਹੋ ਸਕਦਾ ਹੈ ਅਤੇ ਕਿਹੜੀ ਦਾ ਨਹੀਂ। ਪਿਛਲੇ ਸਾਲ ਕੁਝ ਗੁਮਨਾਮ ਸੁਰੱਖਿਆ ਸਰੋਤਾਂ ਅਤੇ ਗੁਪਤ ਦਸਤਾਵੇਜ਼ਾਂ ਦਾ ਹਵਾਲਾ ਦਿੰਦਿਆਂ ਮੀਡੀਆ ਰਿਪੋਰਟਾਂ ਵਿਚ 2019 ਅਤੇ 2021 ਦੀਆਂ ਚੋਣਾਂ ਵਿਚ ਚੀਨ ਦੀ ਕਥਿਤ ਦਖ਼ਲਅੰਦਾਜ਼ੀ ਦੀ ਗੱਲ ਸਾਹਮਣੇ ਆਈ ਸੀ, ਜਿਸ ਮਗਰੋਂ ਇਸ ਜਾਂਚ ਕਮੀਸ਼ਨ ਦਾ ਗਠਨ ਕੀਤਾ ਗਿਆ ਸੀ।
ਪਿਛਲੇ ਹਫ਼ਤੇ ਹੀ, ਕਮਿਸ਼ਨ ਨੇ ਪ੍ਰਧਾਨ ਮੰਤਰੀ ਜਸਟਿਨ ਟ੍ਰੂਡੋ ਦੀ ਸਰਕਾਰ ਨੂੰ ਭਾਰਤ ਦੁਆਰਾ ਚੋਣਾਂ ਵਿੱਚ ਸੰਭਾਵਿਤ ਦਖਲਅੰਦਾਜ਼ੀ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਕਿਹਾ ਸੀ। ਕਮਿਸ਼ਨਰ ਜਸਟਿਸ ਮੈਰੀ ਯੋਜ਼ੀ ਹੌਗ ਨੂੰ ਇਸ ਗੱਲ ਦੀ ਜਾਂਚ ਕਰਨ ਲਈ ਕਿਹਾ ਗਿਆ ਹੈ ਕਿ ਚੀਨ, ਰੂਸ ਅਤੇ ਹੋਰ ਦੇਸ਼ਾਂ ਨੇ ਉਨ੍ਹਾਂ ਚੋਣਾਂ ਵਿੱਚ ਕਿਸ ਹੱਦ ਤੱਕ ਦਖ਼ਲਅੰਦਾਜ਼ੀ ਕੀਤੀ, ਅਤੇ ਫ਼ੈਡਰਲ ਸਰਕਾਰ ਦੇ ਅੰਦਰ ਵਿਦੇਸ਼ੀ ਦਖਲਅੰਦਾਜ਼ੀ ਬਾਰੇ ਜਾਣਕਾਰੀ ਕਿਵੇਂ ਪ੍ਰਵਾਹ ਹੋਈ ਸੀ।
ਸ਼ੁਰੂਆਤੀ ਸੁਣਵਾਈਆਂ, ਜੋ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਚੱਲਣਗੀਆਂ, ਗੁਪਤ ਰਾਸ਼ਟਰੀ ਸੁਰੱਖਿਆ ਜਾਣਕਾਰੀ ਦੇ ਜਨਤਕ ਖ਼ੁਲਾਸੇ ਨਾਲ ਸਬੰਧਤ ਚੁਣੌਤੀਆਂ, ਸੀਮਾਵਾਂ ਅਤੇ ਸੰਭਾਵੀ ਮਾੜੇ ਪ੍ਰਭਾਵਾਂ ਦੀ ਜਾਂਚ ਕਰਨਗੀਆਂ। ਇਸ ਤੋਂ ਪਹਿਲਾਂ ਕਿ ਜਾਂਚ ਟੀਮ ਮੁੱਖ ਮੁੱਦਿਆਂ ਦੀ ਜਾਂਚ ਕਰ ਸਕੇ, ਉਸਨੂੰ ਪਹਿਲਾਂ ਇਹ ਫੈਸਲਾ ਕਰਨਾ ਹੋਵੇਗਾ ਕਿ ਜਦੋਂ ਗੁਪਤ ਦਸਤਾਵੇਜ਼ ਅਤੇ ਸੂਤਰਾਂ ਦੀ ਗੱਲ ਆਉਂਦੀ ਹੈ ਤਾਂ ਰਾਸ਼ਟਰੀ ਸੁਰੱਖਿਆ ਜਾਣਕਾਰੀ ਦਾ ਜਨਤਕ ਖ਼ੁਲਾਸਾ ਕਿੰਨਾ ਅਤੇ ਕਿਵੇਂ ਕਰਨਾ ਹੈ।
ਇਸ ਹਫ਼ਤੇ ਦੀ ਸੁਣਵਾਈ ਵਿਚ ਕੈਨੇਡੀਅਨ ਸਿਕਿਓਰਟੀ ਇੰਟੈਲੀਜੈਂਸ ਸਰਵਿਸ (CSIS) ਦੇ ਡਾਇਰੈਕਟਰ ਡੇਵਿਡ ਵਿਗਨੌਲਟ, ਪਬਲਿਕ ਸੇਫ਼ਟੀ ਮਿਨਿਸਟਰ ਡੌਮਿਨਿਕ ਲੇਬਲਾਂ ਅਤੇ ਅਤੇ ਕੁਝ ਰਾਸ਼ਟਰੀ ਸੁਰੱਖਿਆ ਵਕੀਲ ਸ਼ਾਮਲ ਹੋਣਗੇ।
ਸੀਬੀਸੀ ਨਿਊਜ਼ ਤੋਂ