ਬਰੈਂਪਟਨ: ਸੜਕ ਹਾਦਸੇ ਦੌਰਾਨ ਔਰਤ ਦੀ ਮੌਤ ਦੇ ਮਾਮਲੇ ‘ਚ ਪੰਜਾਬੀ ਟਰੱਕ ਡਰਾਈਵਰ ਦੋਸ਼ੀ ਕਰਾਰ
ਬਰੈਂਪਟਨ ਦੇ ਉਪਕਰਨ ਸੰਧੂ ਨੂੰ ਕੈਲੇਡਨ ਵਿਖੇ ਸੜਕ ਹਾਦਸੇ ਦੌਰਾਨ ਔਰਤ ਦੀ ਮੌਤ ਦੇ ਮਾਮਲੇ ਵਿਚ ਲਾਪਰਵਾਹੀ ਨਾਲ ਡਰਾਈਵਿੰਗ ਕਰਨ ਦਾ ਦੋਸ਼ੀ ਠਹਿਰਾਇਆ ਗਿਆ ਹੈ। ਜਸਟਿਸ ਆਫ਼ ਪੀਸ ਸਟੀਫ਼ਨ ਬਡਾਚੀ ਨੇ ਆਪਣੇ ਫੈਸਲੇ ‘ਚ ਕਿਹਾ ਕਿ ਉਪਕਰਨ ਸੰਧੂ ਵੱਲੋਂ ਸੁਰੱਖਿਆ ਨਿਯਮਾਂ ਦੀ ਉਲੰਘਣਾ ਕੀਤੇ ਜਾਣ ਕਰ ਕੇ ਹੀ ਜਾਨਲੇਵਾ ਹਾਦਸਾ ਵਾਪਰਿਆ।
19 ਅਗਸਤ 2020 ਨੂੰ ਵਾਪਰੇ ਹਾਦਸੇ ਵੇਲੇ ਉਪਕਰਨ ਸੰਧੂ ਦੀ ਉਮਰ 28 ਸਾਲ ਸੀ ਅਤੇ ਉਹ ਹਾਈਵੇਅ 10 ‘ਤੇ ਦੱਖਣ ਵੱਲ ਜਾ ਰਿਹਾ ਸੀ ਪਰ ਲਾਲ ਬੱਤੀ ਟੱਪ ਗਿਆ ਅਤੇ ਪੈਟੀਸ਼ੀਆ ਲੋਪੇਜ਼ ਦੀ ਗੱਡੀ ਨੂੰ ਟੱਕਰ ਮਾਰ ਦਿਤੀ। 50 ਸਾਲ ਦੀ ਲੋਪੇਜ਼ ਜ਼ਖ਼ਮਾਂ ਦੀ ਤਾਬ ਨਾ ਝਲਦੀ ਹੋਈ ਦਮ ਤੋੜ ਗਈ। ਦੂਜੇ ਪਾਸੇ ਉਪਕਰਨ ਸੰਧੂ ਨੇ ਅਦਾਲਤ ਵਿਚ ਆਪਣੇ ਬਚਾਅ ਵਾਸਤੇ ਵਕੀਲ ਵੀ ਨਹੀਂ ਕੀਤਾ ਅਤੇ ਸੁਣਵਾਈ ਦੌਰਾਨ ਕੋਈ ਦਲੀਲ ਪੇਸ਼ ਨਹੀਂ ਕੀਤੀ।
ਇਸ ਤੋਂ ਇਲਾਵਾ ਉਪਕਰਨ ਸੰਧੂ ਨੂੰ ਕਮਰਸ਼ੀਅਲ ਵੀਹਕਲ ਨਿਯਮਾਂ ਦੀ ਉਲੰਘਣਾ ਦਾ ਦੋਸ਼ੀ ਵੀ ਕਰਾਰ ਦਿਤਾ ਗਿਆ ਜਿਨ੍ਹਾਂ ਵਿਚ ਬਗੈਰ ਪਰਮਿਟ ਤੋਂ ਟਰੱਕ ਚਲਾਉਣ ਅਤੇ ਇਕ ਤੋਂ ਵੱਧ ਨੁਕਸ ਵਾਲਾ ਟਰੱਕ ਚਾਉਣ ਸ਼ਾਮਲ ਹਨ।