ਬੀਸੀ ਸਰਕਾਰ ਨੇ ਚਾਈਨੀਜ਼-ਕੈਨੇਡੀਅਨ ਮਿਊਜ਼ੀਅਮ ਲਈ $10 ਮਿਲੀਅਨ ਦੀ ਵਾਧੂ ਫ਼ੰਡਿੰਗ ਦਾ ਕੀਤਾ ਅਹਿਦ
ਵੈਨਕੂਵਰ ‘ਚ 1 ਜੁਲਾਈ ਨੂੰ ਚਾਈਨੀਜ਼ ਐਕਸਕਲੂਜ਼ਨ ਐਕਟ ਦੀ 100ਵੀਂ ਵਰ੍ਹੇਗੰਢ ‘ਤੇ ਚਾਈਨੀਜ਼-ਕੈਨੇਡੀਅਨ ਮਿਊਜ਼ੀਅਮ ਖੋਲਿਆ ਜਾ ਰਿਹਾ ਹੈ। ਬੀਸੀ ਸਰਕਾਰ ਨੇ ਇਸ ਮਿਊਜ਼ੀਅਮ ਲਈ $10 ਮਿਲੀਅਨ ਦੀ ਵਾਧੂ ਫ਼ੰਡਿੰਗ ਦਾ ਵਾਅਦਾ ਕੀਤਾ ਹੈ। ਮਿਨਿਸਟਰ ਔਫ਼ ਟੂਰਿਜ਼ਮ, ਆਟਰਸ, ਕਲਚਰ ਐਂਡ ਸਪੋਰਟ, ਲੈਨਾ ਪੋਫ਼ਾਮ ਦਾ ਕਹਿਣਾ ਹੈ ਕਿ ਇਹ ਨਿਵੇਸ਼ ਨਾ ਸਿਰਫ਼ ਚੀਨੀ ਕੈਨੇਡੀਅਨ ਭਾਈਚਾਰੇ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ ਸਗੋਂ ਵੈਨਕੂਵਰ ਦੇ ਇੱਕ ਪਿਆਰੇ ਹਿੱਸੇ ਚਾਈਨਾਟਾਊਨ ਨੂੰ ਮੁੜ ਸੁਰਜੀਤ ਕਰਨ ਵਿੱਚ ਵੀ ਮਦਦ ਕਰੇਗਾ।
ਇਹ ਮਿਊਜ਼ੀਅਮ ਚੀਨੀ-ਕੈਨੇਡੀਅਨ ਪਰਵਾਸ ਦੀ ਇੱਕ ਸੰਖੇਪ ਜਾਣਕਾਰੀ ਵੀ ਪ੍ਰਦਰਸ਼ਿਤ ਕਰੇਗਾ ਅਤੇ ਚੀਨੀ ਕੈਨੇਡੀਅਨ ਕਾਰੋਬਾਰੀ ਯਿਪ ਸਾਂਗ ਅਤੇ ਉਸਦੇ ਪਰਿਵਾਰ ਦੇ ਜੀਵਨ ਦੀ ਇੱਕ ਝਲਕ ਪ੍ਰਦਾਨ ਕਰੇਗਾ। ਨਵੀਂ ਫੰਡਿੰਗ, ਜਿਸ ਨੇ ਮਿਊਜ਼ੀਅਮ ਉੱਪਰ ਸੂਬੇ ਦੇ ਕੁੱਲ ਖਰਚੇ ਨੂੰ $48.5 ਮਿਲੀਅਨ ਤੋਂ ਵੱਧ ਲਿਆਉਂਦਾ ਹੈ, ਮੁਰੰਮਤ ਅਤੇ ਸੰਚਾਲਨ ਦੇ ਖ਼ਰਚਿਆਂ ਨੂੰ ਕਵਰ ਕਰੇਗੀ।ਮਿਊਜ਼ੀਅਮ ਦੇ ਬੋਰਡ ਚੇਅਰ, ਗ੍ਰੇਸ ਵੋਂਗ ਦਾ ਕਹਿਣਾ ਹੈ ਕਿ 2025 ਤੱਕ, ਇਹ ਇਮਾਰਤ ਨਾ ਸਿਰਫ਼ ਇੱਕ ਅਜਾਇਬ ਘਰ ਦੇ ਤੌਰ ‘ਤੇ ਕੰਮ ਕਰੇਗੀ, ਸਗੋਂ ਇਸ ਨੂੰ ਇੱਕ ਵਿਦਿਅਕ ਸਥਾਨ ਵਿੱਚ ਵੀ ਬਦਲ ਦਿੱਤਾ ਜਾਵੇਗਾ।
ਚਾਈਨੀਜ਼ ਕੈਨੇਡੀਅਨ ਮਿਊਜ਼ੀਅਮ ਈਸਟ ਪੇਂਡਰ ਸਟ੍ਰੀਟ ‘ਤੇ ਵਿੰਗ ਸੈਂਗ ਬਿਲਡਿੰਗ ਵਿੱਚ ਸਥਿਤ ਹੋਵੇਗਾ, ਜੋ ਚਾਈਨਾਟਾਊਨ ਦੀ ਸਭ ਤੋਂ ਪੁਰਾਣੀ ਇਮਾਰਤ ਹੈ। ਮਿਊਜ਼ੀਅਮ ਦੀ ਸੀਈਓ, ਮੇਲਿਸਾ ਕਾਰਮੇਨ ਲੀ ਦਾ ਕਹਿਣਾ ਹੈ ਕਿ ਇਹ ਇਹ ਮਿਊਜ਼ੀਅਮ ਕੈਨੇਡਾ ਭਰ ਦੇ ਚੀਨੀ ਭਾਈਚਾਰਿਆਂ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਹੋਵੇਗਾ, ਅਤੇ ਇਹ ਇੱਕ ਹੱਬ ਵਜੋਂ ਕੰਮ ਕਰੇਗਾ ਜਿੱਥੇ ਲੋਕ ਚੀਨੀ ਭਾਈਚਾਰਿਆਂ ਦੀ ਵਿਰਾਸਤ ਬਾਰੇ ਹੋਰ ਜਾਣ ਸਕਣਗੇ।
ਦ ਕੈਨੇਡੀਅਨ ਪ੍ਰੈੱਸ