GTA News Media

Top Info Bar
22.1°C Toronto Loading date...
Canada

ਬੈਲਵਿਲ ‘ਚ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਟ੍ਰੂਡੋ ਦਾ ਕੀਤਾ ਘਿਰਾਓ

ਬੈਲਵਿਲ ‘ਚ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਟ੍ਰੂਡੋ ਦਾ ਕੀਤਾ ਘਿਰਾਓ
Share this post via:

ਓਨਟੇਰਿਓ ਦੇ ਬੈਲਵਿਲ ਵਿਚ ਇੱਕ ਪ੍ਰੋਗਰਾਮ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਪ੍ਰਧਾਨ ਮੰਤਰੀ ਟ੍ਰੂਡੋ ਖ਼ਿਲਾਫ਼ ਰੱਝ ਕੇ ਨਾਅਰੇਬਾਜ਼ੀ ਕੀਤੀ।ਕਰੀਬ 100 ਪ੍ਰਦਰਸ਼ਨਕਾਰੀਆਂ ਨੇ ਟ੍ਰੂਡੋ ਅਤੇ ਉਨ੍ਹਾਂ ਦੇ ਕਾਫ਼ਲੇ ਦਾ ਘਿਰਾਓ ਕੀਤਾ ਜਿਸ ਕਰਕੇ ਟ੍ਰੂਡੋ ਨੂੰ ਆਪਣੀ ਬੈਲਵਿਲ ਫੇਰੀ ਛੋਟੀ ਕਰਨੀ ਪਈ। ਲਿਬਰਲ ਸਰਕਾਰ ਦੇ ਚਾਈਲਡ ਕੇਅਰ ਬੈਨਿਫ਼ਿਟ ਦੀ ਸੱਤਵੀਂ ਵਰ੍ਹੇਗੰਢ ਮਨਾਉਣ ਅਤੇ ਮੇਅਰ ਨੂੰ ਮਿਲਣ ਲਈ ਟ੍ਰੂਡੋ ਬੈਲਵਿਲ ਵਿੱਖੇ ਪਹੁੰਚੇ ਸਨ। ਇਸ ਫ਼ੇਰੀ ਤਹਿਤ ਉਨ੍ਹਾਂ ਨੇ ਫ਼ਾਰਮਰ ਮਾਰਕੀਟ ਵੀ ਜਾਣਾ ਸੀ।

ਪਰ ਸਿਟੀ ਹੌਲ ਦੇ ਬਾਹਰ ਫ਼ਾਰਮਰ ਮਾਰਕੀਟ ਵਿੱਖੇ ਜਦੋਂ ਟ੍ਰੂਡੋ ਲੋਕਾਂ ਨੂੰ ਮਿਲ ਰਹੇ ਸਨ ਅਤੇ ਸੈਲਫ਼ੀਆਂ ਲੈ ਰਹੇ ਸਨ, ਉਦੋਂ ਪ੍ਰਦਰਸ਼ਨਕਾਰੀ ਉੱਥੇ ਪਹੁੰਚ ਗਏ। ਕੁਝ ਪ੍ਰਦਰਸ਼ਨਕਾਰੀਆਂ ਨੇ ਹੱਥ ਵਿਚ ਟ੍ਰੰਪ ਦੇ ਝੰਡੇ ਫੜੇ ਹੋਏ ਸਨ ਅਤੇ ਕੁਝ ਟ੍ਰੂਡੋ ਸਰਕਾਰ ਤੇ ਮੀਡੀਆ ਨੂੰ ਗਾਲ੍ਹਾਂ ਕੱਢ ਰਹੇ ਸਨ। ਟ੍ਰੂਡੋ ਨੇ ਇਸ ਫ਼ੇਰੀ ਦੌਰਾਨ 10 ਵੈਂਡਰਾਂ ਨਾਲ ਵੀ ਮੁਲਾਕਾਤ ਕਰਨੀ ਸੀ, ਪਰ ਪ੍ਰਦਰਸ਼ਨਕਾਰੀਆਂ ਦੇ ਝੁੰਡ ਕਰਕੇ ਉਹ ਪਬਲਿਕ ਸਕੇਅਰ ਦੇ ਦੂਸਰੇ ਪਾਸੇ ਜਾ ਹੀ ਨਹੀਂ ਸਕੇ।

ਇੱਕ ਸਮੇਂ ‘ਤੇ ਤਾਂ ਪ੍ਰਧਾਨ ਮੰਤਰੀ ਦੇ ਸੁਰੱਖਿਆ ਅਧਿਕਾਰੀਆਂ ਨੇ ਦੋ ਔਰਤਾਂ ਨੂੰ ਪਿੱਛੇ ਵੱਲ ਧੱਕਿਆ ਜੋ ਉਨ੍ਹਾਂ ਦੇ ਕਾਫ਼ਲੇ ਦੇ ਬਹੁਤ ਨਜ਼ਦੀਕ ਆ ਗਈਆਂ ਸਨ ਅਤੇ ਉਦੋਂ ਟ੍ਰੂਡੋ ਆਪਣੀ ਐਸਯੂਵੀ ਦੇ ਸਾਈਡ ਸਟੈਪ ਉੱਪਰ ਖੜ ਕੇ ਲੋਕਾਂ ਨੂੰ ਹੱਥ ਹਿਲਾਉਂਦੇ ਅਤੇ ਮੁਸਕਰਾਉਂਦੇ ਰਹੇ। ਪ੍ਰਦਰਸ਼ਨਕਾਰੀਆਂ ਬਾਰੇ ਪ੍ਰਤੀਕਰਮ ਦਿੰਦਿਆਂ, ਸਿਟੀ ਹਾਲ ਦੇ ਇੱਕ ਵਰਕਰ ਨੇ ਕਿਹਾ ਕਿ ਇਹ ਘੜਮੱਸ ਸ਼ਰਮਨਾਕ ਸੀ।

ਦ ਕੈਨੇਡੀਅਨ ਪ੍ਰੈੱਸ