GTA News Media

Top Info Bar
22.1°C Toronto Loading date...
Canada

ਵੀਡੀਓ ਸੰਦੇਸ਼ ਦੇ ਮਸਲੇ ’ਤੇ ਸਪੀਕਰ ਦੇ ਅਸਤੀਫ਼ੇ ਦੀ ਉੱਠੀ ਮੰਗ

ਵੀਡੀਓ ਸੰਦੇਸ਼ ਦੇ ਮਸਲੇ ’ਤੇ ਸਪੀਕਰ ਦੇ ਅਸਤੀਫ਼ੇ ਦੀ ਉੱਠੀ ਮੰਗ
Share this post via:

ਓਨਟੇਰੀਓ ਲਿਬਰਲ ਲੀਡਰਸ਼ਿਪ ਕਨਵੈਨਸ਼ਨ ਵਿੱਚ ਹਾਊਸ ਔਫ਼ ਕੌਮਨਜ਼ ਦੇ ਸਪੀਕਰ ਗ੍ਰੈਗ ਫ਼ਰਗਸ ਦਾ ਇਕ ਵੀਡੀਓ ਸੰਦੇਸ਼ ਵਿੱਚ ਆਉਣ ਤੋਂ ਬਾਅਦ ਕੰਜ਼ਰਵੇਟਿਵ ਅਤੇ ਬਲਾਕ ਕਿਊਬੈਕਵਾ ਵੱਲੋਂ ਸਪੀਕਰ ਦੇ ਅਸਤੀਫ਼ੇ ਦੀ ਮੰਗ ਕੀਤੀ ਜਾ ਰਹੀ ਹੈ। ਵੀਡੀਓ ਵਿੱਚ, ਫ਼ਰਗਸ ਸਪੀਕਰ ਦੇ ਚੈਂਬਰ ਤੋਂ ਸਪੀਕਰ ਦੀ ਰਵਾਇਤੀ ਪੁਸ਼ਾਕ ਵਿੱਚ ਦਿਖਾਈ ਦਿੰਦੇ ਹਨ ਅਤੇ ਸਾਬਕਾ ਸੂਬਾਈ ਲਿਬਰਲ ਨੇਤਾਵਾਂ ਕੈਥਲੀਨ ਵਿਨ ਅਤੇ ਡਾਲਟਨ ਮੈਕਗਿੰਟੀ ਦੁਆਰਾ ਰਿਕਾਰਡ ਕੀਤੇ ਹਿੱਸਿਆਂ ਦੇ ਵਿਚਕਾਰ ਬੋਲਦੇ ਹਨ।

ਗ੍ਰੈਗ ਫ਼ਰਗਸ ਨੇ ਇਸ ਲਈ ਮੁਆਫ਼ੀ ਮੰਗਦਿਆਂ ਕਿਹਾ ਕਿ ਵੀਡੀਓ ਉਹਨਾਂ ਦੇ ਨਿੱਜੀ ਦੋਸਤ ਪ੍ਰੋਵਿੰਸ਼ੀਅਲ ਲਿਬਰਲ ਨੇਤਾ ਜੌਹਨ ਫਰੇਜ਼ਰ ਦੇ ਕੀਤੇ ਕੰਮਾਂ ਦੀ ਸਰਾਹਨਾ ਵਜੋਂ ਸੀ। ਗ੍ਰੈਗ ਫ਼ਰਗਸ ਨੇ ਕਿਹਾ ਮੈਂ ਮੈਂਬਰਾਂ ਨੂੰ ਭਰੋਸਾ ਦਿਵਾਉਣਾ ਚਾਹਾਂਗਾ ਕਿ ਸਤਿਕਾਰ, ਨਿਰਪੱਖਤਾ ਅਤੇ ਮਰਿਆਦਾ ਦੇ ਸਿਧਾਂਤ ਉਹ ਮੁੱਲ ਹਨ ਜਿਨ੍ਹਾਂ ਨੂੰ ਮੈਂ ਆਪਣੇ ਸਪੀਕਰ ਦੇ ਕਾਰਜਕਾਲ ਲਈ ਤਰਜੀਹ ਦਿੰਦਾ ਰਹਾਂਗਾ।

ਸਾਬਕਾ ਸਪੀਕਰ ਅਤੇ ਕੰਜ਼ਰਵੇਟਿਵ ਹਾਊਸ ਲੀਡਰ ਐਂਡਰਿਊ ਸ਼ੀਅਰ, ਪ੍ਰਸ਼ਨ ਕਾਲ ਤੋਂ ਬਾਅਦ ਸਦਨ ਵਿੱਚ ਉੱਠੇ ਅਤੇ ਫ਼ਰਗਸ ਨੂੰ ਅਹੁਦਾ ਛੱਡਣ ਲਈ ਕਿਹਾ। ਐਂਡਰਿਊ ਸ਼ੀਅਰ ਨੇ ਸਦਨ ‘ਚ ਪੁੱਛਿਆ ਕੀ ਹੋਵੇਗਾ ਜੇਕਰ ਇੱਕ ਰੈਫਰੀ ਇੱਕ ਟੀਮ ਲਈ ਇੱਕ ਲਾਕਰ ਰੂਮ ਵਿੱਚ ਜਾ ਕੇ ਰੈਫਰੀ ਦੇ ਪਹਿਰਾਵੇ ਵਿੱਚ ਭਾਸ਼ਣ ਦੇ ਰਿਹਾ ਹੋਵੇ ? ਕਿੰਨਾ ਚਿਰ ਉਹ ਰੈਫਰੀ ਆਪਣੇ ਅਹੁਦੇ ‘ਤੇ ਬਰਕਰਾਰ ਰਹੇਗਾ ?

ਐਂਡਰਿਊ ਸ਼ੀਅਰ ਦਾ ਕਹਿਣਾ ਹੈ ਕਿ ਇਹ ਨਿਰਪੱਖਤਾ ਦੀ ਉਲੰਘਣਾ ਹੈ। ਸ਼ੀਅਰ ਨੇ ਕਿਹਾ ਇਹ ਵਿਹਾਰ ਅਸਵੀਕਾਰਨਯੋਗ ਹੈ। ਇਹ ਸਪੀਕਰ ਦੇ ਉੱਚ ਅਹੁਦੇ ਨਾਲ ਜੁੜੀਆਂ ਸਾਰੀਆਂ ਪੁਰਾਣੀਆਂ ਪਰੰਪਰਾਵਾਂ ਦੀ ਉਲੰਘਣਾ ਕਰਦਾ ਹੈ। ਸ਼ੀਅਰ ਦਾ ਕਹਿਣਾ ਹੈ ਕਿ ਉਹ ਸਦਨ ਵਿੱਚ ਇੱਕ ਪ੍ਰਸਤਾਵ ਪੇਸ਼ ਕਰਨ ਦੀ ਯੋਜਨਾ ਬਣਾ ਰਿਹਾ ਹੈ ਜਿਸ ਵਿੱਚ ਇਸ ਮਾਮਲੇ ਨੂੰ ਸਦਨ ਦੀ ਪ੍ਰਕਿਰਿਆ ਕਮੇਟੀ ਕੋਲ ਭੇਜਣ ਦੀ ਮੰਗ ਕੀਤੀ ਗਈ ਹੈ।

ਫ਼ਰਗਸ ਦਾ ਕਹਿਣਾ ਹੈ ਕਿ ਉਸਦਾ ਸੰਦੇਸ਼ ਕਿਸੇ ਵੀ ਤਰ੍ਹਾਂ ਪੱਖਪਾਤੀ ਜਾਂ ਰਾਜਨੀਤਿਕ ਨਹੀਂ ਸੀ। ਫ਼ਰਗਸ ਨੇ ਸੰਸਦ ਮੈਂਬਰਾਂ ਨੂੰ ਕਿਹਾ ਤੁਹਾਡੇ ਸਾਰਿਆਂ ਵਾਂਗ, ਮੇਰੇ ਸਾਰੇ ਰਾਜਨੀਤਿਕ ਪਿਛੋਕੜ ਵਾਲੇ ਲੋਕਾਂ ਨਾਲ ਡੂੰਘੇ ਅਤੇ ਅਟੁੱਟ ਰਿਸ਼ਤੇ ਹਨ। ਇਸਨੂੰ ਪੱਖਪਾਤ ਵਜੋਂ ਨਹੀਂ ਦੇਖਿਆ ਜਾਣਾ ਚਾਹੀਦਾ ਹੈ। ਇਹ ਦੋਸਤੀ ਅਤੇ ਸਤਿਕਾਰ ਦਾ ਕੰਮ ਹੈ।

ਐਨਡੀਪੀ ਹਾਊਸ ਲੀਡਰ ਪੀਟਰ ਜੂਲੀਅਨ ਨੇ ਕਿਹਾ ਕਿ ਸੰਸਦ ਮੈਂਬਰ ਵੀਡੀਓ ਤੋਂ ਨਿਰਾਸ਼ ਹਨ। ਉਸਨੇ ਕਿਹਾ ਕਿ ਉਸਦੀ ਪਾਰਟੀ ਸਦਨ ਦੀ ਪ੍ਰਕਿਰਿਆ ਕਮੇਟੀ ਦੁਆਰਾ ਮੁੱਦੇ ਦੇ ਅਧਿਐਨ ਦਾ ਸਮਰਥਨ ਕਰੇਗੀ।

ਗ਼ੌਰਤਲਬ ਹੈ ਕਿ ਸਾਬਕਾ ਸਪੀਕਰ ਐਂਥਨੀ ਰੋਟਾ ਵੱਲੋਂ ਅਸਤੀਫ਼ਾ ਦੇਣ ਮਗਰੋਂ ਗ੍ਰੈਗ ਫ਼ਰਗਸ ਨੂੰ ਸਪੀਕਰ ਚੁਣਿਆ ਗਿਆ ਸੀ। ਗ੍ਰੈਗ ਫ਼ਰਗਸ ਕਿਊਬੈਕ ਦੀ ਹਲ-ਆਈਲਮਰ ਰਾਈਡਿੰਗ ਤੋਂ ਐਮਪੀ ਹਨ ਅਤੇ ਉਹ ਹਾਊਸ ਔਫ਼ ਕੌਮਨਜ਼ ਦੇ ਪਹਿਲੇ ਬਲੈਕ ਸਪੀਕਰ ਵੀ ਹਨ।

(ਸੀਬੀਸੀ ਨਿਊਜ਼)