GTA News Media

Top Info Bar
22.1°C Toronto Loading date...
Canada

ਵੈਨਕੂਵਰ ਤੇ ਟੋਰੌਂਟੋ ਦੇ ਭਾਰਤੀ ਕਾਂਸੁਲੇਟ ਅਤੇ ਓਟਾਵਾ ਵਿਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਪ੍ਰਦਰਸ਼ਨ

ਵੈਨਕੂਵਰ ਤੇ ਟੋਰੌਂਟੋ ਦੇ ਭਾਰਤੀ ਕਾਂਸੁਲੇਟ ਅਤੇ ਓਟਾਵਾ ਵਿਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਪ੍ਰਦਰਸ਼ਨ
Share this post via:

ਇੱਕ ਕੈਨੇਡੀਅਨ ਨਾਗਰਿਕ ਅਤੇ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਵਿਚ ਭਾਰਤ ਦੀ ਕਥਿਤ ਸ਼ਮੂਲੀਅਤ ਦਾ ਵਿਰੋਧ ਕਰਨ ਲਈ ਖ਼ਾਲਿਸਤਾਨ ਪੱਖੀਆਂ ਨੇ ਵੈਨਕੂਵਰ ਅਤੇ ਟੋਰੌਂਟੋ ਦੇ ਭਾਰਤੀ ਕਾਂਸੁਲੇਟ ਤੇ ਓਟਾਵਾ ਵਿਚ ਭਾਰਤੀ ਹਾਈ ਕਮੀਸ਼ਨ ਦੇ ਬਾਹਰ ਰੋਸ ਮੁਜ਼ਾਹਰੇ ਕੀਤੇ। ਨਿੱਝਰ ਖ਼ਾਲਿਸਤਾਨ ਦਾ ਸਮਰਥਕ ਸੀ। 18 ਜੂਨ ਨੂੰ ਨਿੱਝਰ ਦਾ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਪਾਰਕਿੰਟ ਲੌਟ ਵਿਚ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ।

ਵੈਨਕੂਵਰ ਵਿੱਚ ਭਾਰਤੀ ਕਾਂਸੁਲੇਟ ਦੇ ਬਾਹਰ ਕਰੀਬ 75 ਖ਼ਾਲਿਸਤਾਨ ਹਿਮਾਇਤੀ ਇਕੱਠੇ ਹੋਏ ਤੇ ਉਨ੍ਹਾਂ ਨੇ ਕੈਨੇਡਾ ਅਤੇ ਖ਼ਾਲਿਸਤਾਨ ਦੇ ਝੰਡੇ ਲਹਿਰਾਉਂਦਿਆਂ ਭਾਰਤ ਸਰਕਾਰ ਅਤੇ ਵਿਦੇਸ਼ੀ ਦਖ਼ਲਅੰਦਾਜ਼ੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਮੁਜ਼ਾਹਰੇ ਦੌਰਾਨ ਇਹਤਿਆਤ ਵੱਜੋਂ ਭਾਰੀ ਪੁਲਿਸ ਬੰਦੋਬਸਤ ਕੀਤਾ ਗਿਆ ਸੀ। ਇਸ ਮੁਜ਼ਾਹਰੇ ਵਿਚ ਸ਼ਾਮਲ ਹੋਣ ਐਬਟਸਫ਼ੋਰਡ ਤੋਂ ਵੈਨਕੂਵਰ ਆਏ ਗੁਰਕੀਰਤ ਸਿੰਘ ਨੇ ਕਿਹਾ ਕਿ ਉਹ ਆਪਣੇ ਚੰਗੇ ਦੋਸਤ ਨਿੱਝਰ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚਿਆ ਹੈ।

ਉਸਨੇ ਕਿਹਾ, ਅਸੀਂ ਭਾਰਤ ਸਰਕਾਰ ਨੂੰ ਇਹ ਦੱਸਣ ਲਈ ਆਏ ਹਾਂ ਕਿ ਕੈਨੇਡਾ ਦੀ ਪ੍ਰਭੂਸੱਤਾ ਦੇ ਵਿਰੁੱਧ, ਇੱਕ ਕੈਨੇਡੀਅਨ ਨਾਗਰਿਕ ਵਿਰੁੱਧ ਇਸ ਤਰ੍ਹਾਂ ਦੀ ਦਹਿਸ਼ਤਗਰਦ ਕਾਰਵਾਈ ਨੂੰ ਸਿੱਖ ਕਦੇ ਵੀ ਸਵੀਕਾਰ ਨਹੀਂ ਕਰਨਗੇ ਅਤੇ ਕੈਨੇਡੀਅਨਜ਼ ਕਦੇ ਵੀ ਸਵੀਕਾਰ ਨਹੀਂ ਕਰਨਗੇ।

ਟੋਰੌਂਟੋ ਅਤੇ ਓਟਾਵਾ ਵਿੱਚ ਵੀ ਰੋਸ ਮੁਜ਼ਾਹਰੇ ਕੀਤੇ ਗਏ ਜਿੱਥੇ 70 ਦੇ ਕਰੀਬ ਲੋਕਾਂ ਨੇ ਭਾਰਤੀ ਹਾਈ ਕਮਿਸ਼ਨ ਦੇ ਸਾਹਮਣੇ ਪ੍ਰਦਰਸ਼ਨ ਕੀਤਾ ਅਤੇ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਕੈਨੇਡਾ ਸਰਕਾਰ ਨਾਲ ਭਾਰਤ ਦੇ ਸਹਿਯੋਗ ਦੀ ਮੰਗ ਕੀਤੀ। ਭਾਰਤ ਬਹੁਤ ਸਖ਼ਤੀ ਨਾਲ ਟ੍ਰੂਡੋ ਦੇ ਉਨ੍ਹਾਂ ਦਾਅਵਿਆਂ ਨੂੰ ਰੱਦ ਕਰ ਚੁੱਕਾ ਹੈ ਕਿ ਉਹ ਨਿੱਝਰ ਦੀ ਮੌਤ ਲਈ ਜ਼ਿੰਮੇਵਾਰ ਸੀ।