ਸਾਲ 2023 ਦੇ ਪਹਿਲੇ 5 ਮਹੀਨਿਆਂ ਦੌਰਾਨ ਬੀਸੀ ‘ਚ ਡਰੱਗ ਓਵਰਡੋਜ਼ ਨਾਲ 1,000 ਤੋਂ ਵੱਧ ਮੌਤਾਂ
ਬ੍ਰਿਟਿਸ਼ ਕੋਲੰਬੀਆ ਵਿਚ ਨਸ਼ੀਲੀ ਦਵਾਈਆਂ ਦੀ ਓਵਰਡੋਜ਼ ਕਾਰਨ ਮਰਨ ਵਾਲਿਆਂ ਦੀ ਗਿਣਤੀ ਇਸ ਸਾਲ ਦੇ ਪਹਿਲੇ ਪੰਜ ਮਹੀਨਿਆਂ ਵਿਚ ਹੀ 1,000 ਦਾ ਅੰਕੜਾ ਪਾਰ ਗਈ ਹੈ। ਬੀਸੀ ਕੋਰੋਨਰਜ਼ ਸਰਵਿਸ ਦਾ ਕਹਿਣਾ ਹੈ ਇਕੱਲੇ ਮਈ ਮਹੀਨੇ ਵਿਚ ਹੀ ਗ਼ੈਰ-ਨਿਯਮਿਤ ਨਸ਼ੀਲੀ ਦਵਾਈਆਂ ਦੀ ਓਵਰਡੋਜ਼ ਕਾਰਨ 176 ਮੌਤਾਂ ਹੋਈਆਂ ਹਨ, ਜਿਸ ਨਾਲ ਇਸ ਸਾਲ ਦੀ ਕੁਲ ਗਿਣਤੀ 1,018 ਹੋ ਗਈ ਹੈ।
ਕੋਰੋਨਰਜ਼ ਸਰਵਿਸ ਨੇ ਕਿਹਾ ਕਿ 10 ਤੋਂ 59 ਸਾਲ ਦੀ ਉਮਰ ਦੇ ਲੋਕਾਂ ਵਿਚ ਮੌਤ ਦਾ ਸਭ ਤੋਂ ਵੱਡਾ ਕਾਰਨ ਨਸ਼ੀਲੀ ਦਵਾਈਆਂ ਦੀ ਓਵਰਡੋਜ਼ ਹੈ, ਜੋਕਿ ਕਤਲ, ਖ਼ੁਦਕਸ਼ੀ, ਦੁਰਘਟਨਾਵਾਂ ਅਤੇ ਬਿਮਾਰੀਆਂ ਕਰਕੇ ਹੋਈਆਂ ਕੁਲ ਮੌਤਾਂ ਨਾਲੋਂ ਵੀ ਵੱਧ ਹੈ। ਇਕ ਰਿਪੋਰਟ ਅਨੁਸਾਰ, 10 ਵਿਚੋਂ 9 ਮਾਮਲਿਆਂ ਵਿਚ ਫ਼ੈਨਟਾਨਿਲ ਓਪਿਓਈਡ ਪਾਈ ਗਈ ਹੈ, ਜੋਕਿ ਮੈਥਮਫ਼ੈਟਾਮੀਨ ਅਤੇ ਕੋਕੇਨ ਨਾਲੋਂ ਦੁਗਣੀ ਦਰ ਹੈ।
ਹੈਲਥ ਕੈਨੇਡਾ ਦੁਆਰਾ ਦਸੰਬਰ ਵਿੱਚ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, 2016 ਤੋਂ ਲੈ ਕੇ ਹੁਣ ਤੱਕ 32,000 ਤੋਂ ਵੱਧ ਕੈਨੇਡੀਅਨਜ਼ ਦੀ ਅਜਿਹੀਆਂ ਜ਼ਹਿਰੀਲੀਆਂ ਦਵਾਈਆਂ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਓਵਰਡੋਜ਼ ਨਾਲ ਹੋਣ ਵਾਲੀਆਂ ਕੁਲ ਮੌਤਾਂ ਚੋਂ 76 ਪ੍ਰਤੀਸ਼ਤ ਵਿੱਚ ਫ਼ੈਂਟਾਨਿਲ ਸ਼ਾਮਲ ਸੀ, ਹਾਲਾਂਕਿ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਦੀ ਵਧ ਰਹੀ ਗਿਣਤੀ ਵਿੱਚ ਇੱਕ ਤੋਂ ਵੱਧ ਨਸ਼ੀਲੇ ਪਦਾਰਥ ਸ਼ਾਮਲ ਹਨ।