10 ਦਿਨ ਪਹਿਲਾਂ ਕੈਨੇਡਾ ਆਏ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
ਕੈਨੇਡਾ ‘ਚ 17 ਸਾਲਾ ਨੌਜੁਆਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਜ਼ਿਲ੍ਹਾ ਬਰਨਾਲਾ ਦੇ ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਸੰਧੂ ਕਲਾਂ ਦਾ ਰਹਿਣ ਵਾਲਾ ਜਗਜੀਤ ਸਿੰਘ 10 ਦਿਨ ਪਹਿਲਾਂ ਹੀ ਕੈਨੇਡਾ ਆਇਆ ਸੀ। ਉਸ ਦੇ ਮਾਪਿਆਂ ਨੇ 35 ਲੱਖ ਰੁਪਏ ਬੈਂਕ ਤੋਂ ਤੇ 11 ਲੱਖ ਰੁਪਏ ਆੜ੍ਹਤੀ ਕੋਲੋਂ ਲੈ ਕੇ ਵਿਦੇਸ਼ ਭੇਜਿਆ ਸੀ। ਜਗਜੀਤ ਸਿੰਘ ਮਾਪਿਆਂ ਦਾ ਇਕਲੌਤਾ ਪੁੱਤ ਸੀ। ਉਸ ਦੀ ਭੈਣ 4 ਮਹੀਨਾ ਪਹਿਲਾਂ ਕੈਨੇਡਾ ਆਈ ਸੀ।
ਜਗਜੀਤ ਸਿੰਘ ਦੇ ਪਿਤਾ ਲਕਸ਼ਮਣ ਸਿੰਘ ਨੇ ਦਸਿਆ ਕਿ 10 ਦਿਨ ਪਹਿਲਾਂ ਹੀ 46 ਲੱਖ ਰੁਪਏ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਕੈਨੇਡਾ ’ਚ ਉਸ ਦੀ ਮੌਤ ਉਸਦਾ ਇੰਤਜ਼ਾਰ ਕਰ ਰਹੀ ਹੈ। ਪਰਿਵਾਰ ਨੇ ਦਸਿਆ ਕਿ 3 ਮਹੀਨੇ ਪਹਿਲਾ ਉਸ ਦੀ ਭੈਣ ਕੈਨੇਡਾ ਪੜ੍ਹਨ ਲਈ ਗਈ ਸੀ । ਜਿਸ ਤੋਂ ਬਾਅਦ ਜਗਜੀਤ ਸਿੰਘ ਨੂੰ ਵੀ ਉਨ੍ਹਾਂ ਨੇ ਕੈਨੇਡਾ ਭੇਜ ਦਿਤਾ। ਇਕਲੋਤੇ ਪੁੱਤ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਗ਼ਮਗੀਨ ਮਾਹੌਲ ਹੈ। ਜਿੱਥੇ ਦਾਦਾ ਅਤੇ ਦਾਦੀ ਆਪਣੇ ਪੋਤੇ ਨੂੰ ਯਾਦ ਕਰਕੇ ਭੁੱਬਾ ਮਾਰ ਕੇ ਰੋ ਰਹੇ ਸਨ। ਇਸ ਮੌਕੇ ਗਵਾਂਢੀਆਂ ਨੇ ਪਰਿਵਾਰ ਦੇ ਦੁਖ ‘ਚ ਸ਼ਾਮਿਲ ਹੁੰਦਿਆ ਕਿ ਪੰਜਾਬ ਸਰਕਾਰ ਅੱਗੇ ਗੁਹਾਰ ਲਗਾਈ ਹੈ ਕਿ ਪਰਿਵਾਰ ਸਿਰ ਚੜੇ ਕਰਜ਼ ਨੂੰ ਉਤਾਰਨ ਲਈ ਮਦਦ ਕੀਤੀ ਜਾਵੇ।ਤਾਂ ਜੋ ਪਿਛੇ ਰਹਿ ਰਿਹਾ ਪਰਿਵਾਰ ਅਪਣੀ ਜ਼ਿੰਦਗੀ ਬਿਨ੍ਹਾਂ ਕਿਸੇ ਬੋਝ ਤੋਂ ਗੁਜ਼ਾਰ ਸਕੇ।