GTA News Media

Top Info Bar
22.1°C Toronto Loading date...
Canada Sports

ਦਸਤਾਰਧਾਰੀ ਮੈਰਾਥਨ ਰਨਰ ਧਿਆਨ ਸਿੰਘ ਸੋਹਲ ਨੇ Boston Marathon ਤੱਕ ਬਣਾਇਆ ਸਫ਼ਰ |

ਦਸਤਾਰਧਾਰੀ ਮੈਰਾਥਨ ਰਨਰ ਧਿਆਨ ਸਿੰਘ ਸੋਹਲ ਨੇ Boston Marathon ਤੱਕ ਬਣਾਇਆ ਸਫ਼ਰ |
Share this post via:

Boston Marathon ਦੌੜਾਕ ਧਿਆਨ ਸਿੰਘ ਸੋਹਲ ਦੀ ਪ੍ਰੇਰਕ ਕਹਾਣੀ |

ਬਰੈਂਪਟਨ ਵਿੱਚ ਰਹਿੰਦੇ ਦਸਤਾਰਧਾਰੀ ਦੌੜਾਕ ਧਿਆਨ ਸਿੰਘ ਸੋਹਲ ਨੇ ਆਪਣੀ ਮਿਹਨਤ ਅਤੇ ਲਗਨ ਨਾਲ ਅੰਤਰਰਾਸ਼ਟਰੀ ਪੱਧਰ ਦੀਆਂ ਕਈ ਮੈਰਾਥਨਾਂ ਵਿੱਚ ਹਿੱਸਾ ਲੈ ਕੇ ਪੰਜਾਬੀ ਭਾਈਚਾਰੇ ਦਾ ਨਾਮ ਰੌਸ਼ਨ ਕੀਤਾ ਹੈ। ਖਾਸ ਕਰਕੇ ਉਸਦਾ Boston Marathon ਵਿੱਚ ਦੌੜਣਾ ਉਸਦੀ ਜ਼ਿੰਦਗੀ ਦੀ ਵੱਡੀ ਪ੍ਰਾਪਤੀ ਮੰਨੀ ਜਾਂਦੀ ਹੈ।

ਟੋਰਾਂਟੋ ਪੀਅਰਸਨ ਏਅਰਪੋਰਟ ਰਨਰਜ਼ ਕਲੱਬ ਦੇ ਮੈਂਬਰ ਧਿਆਨ ਸਿੰਘ ਸੋਹਲ ਨੇ 2014 ਵਿੱਚ ਪਹਿਲੀ ਵਾਰ ਟੋਰਾਂਟੋ ਸਕੋਸ਼ੀਆਬੈਂਕ ਵਾਟਰਫਰੰਟ ਹਾਫ਼ ਮੈਰਾਥਨ ਵਿੱਚ ਭਾਗ ਲਿਆ। ਇਸ ਤੋਂ ਬਾਅਦ ਉਹ ਲਗਾਤਾਰ ਵੱਖ-ਵੱਖ ਦੌੜਾਂ ਵਿੱਚ ਹਿੱਸਾ ਲੈਂਦੇ ਰਹੇ ਅਤੇ ਆਖਿਰਕਾਰ ਕਠਿਨ ਮਿਹਨਤ ਨਾਲ Boston Marathon ਲਈ ਕੁਆਲੀਫਾਈ ਕਰਨ ਵਿੱਚ ਕਾਮਯਾਬ ਰਹੇ।

ਕੋਚ ਕਰਮਜੀਤ ਖੰਗੂੜਾ ਦੀ ਸਿਖਲਾਈ ਅਤੇ ਸਾਥੀਆਂ ਦੀ ਪ੍ਰੇਰਣਾ ਨਾਲ ਧਿਆਨ ਸਿੰਘ ਸੋਹਲ ਨੇ ਲੰਮੀ ਦੌੜ ਦੀਆਂ ਵਿਗਿਆਨਕ ਤਕਨੀਕਾਂ ਸਿੱਖੀਆਂ। 2017 ਵਿੱਚ ਉਸਨੇ ਹੈਮਿਲਟਨ ਦੀ 30 ਕਿਲੋਮੀਟਰ ‘Around the Bay’ ਦੌੜ ਸਿਰਫ਼ 2 ਘੰਟੇ 47 ਮਿੰਟ ਵਿੱਚ ਪੂਰੀ ਕੀਤੀ ਅਤੇ ਉਸੇ ਸਾਲ ਟੋਰਾਂਟੋ ਫੁੱਲ ਮੈਰਾਥਨ 3 ਘੰਟੇ 51 ਮਿੰਟ ਵਿੱਚ ਦੌੜ ਕੇ Boston Marathon ਲਈ ਯੋਗਤਾ ਹਾਸਲ ਕੀਤੀ।

ਭਾਵੇਂ ਪਹਿਲੀ ਵਾਰ ਉਹ ਇਸ ਵੱਡੀ ਦੌੜ ਵਿੱਚ ਹਿੱਸਾ ਨਾ ਲੈ ਸਕਿਆ, ਪਰ 2019 ਵਿੱਚ ਉਸਨੇ ਦੁਬਾਰਾ ਕੁਆਲੀਫਾਈ ਕੀਤਾ ਅਤੇ ਆਖਿਰਕਾਰ 11 ਅਕਤੂਬਰ 2021 ਨੂੰ ਹੋਈ Boston Marathon ਵਿੱਚ ਸਫ਼ਲਤਾਪੂਰਵਕ ਦੌੜ ਪੂਰੀ ਕੀਤੀ। ਦਸਤਾਰ ਅਤੇ ਖੁੱਲ੍ਹੀ ਦਾਹੜੀ ਨਾਲ ਦੌੜਦਿਆਂ ਉਹ ਬਜ਼ੁਰਗ ਮੈਰਾਥਨ ਦੌੜਾਕ ਬਾਬਾ ਫੌਜਾ ਸਿੰਘ ਦੀ ਯਾਦ ਤਾਜ਼ਾ ਕਰਵਾ ਰਿਹਾ ਸੀ।

ਧਿਆਨ ਸਿੰਘ ਸੋਹਲ ਦਾ ਜਨਮ 19 ਮਈ 1956 ਨੂੰ ਪੰਜਾਬ ਦੇ ਜ਼ਿਲ੍ਹਾ ਨਵਾਂ ਸ਼ਹਿਰ ਦੇ ਪਿੰਡ ਸਹੂੰਗੜਾ ਵਿੱਚ ਹੋਇਆ। ਬਾਅਦ ਵਿੱਚ ਉਹ ਵਧੀਆ ਜੀਵਨ ਦੀ ਖੋਜ ਵਿੱਚ ਵਿਦੇਸ਼ ਚਲੇ ਗਏ ਅਤੇ ਕਈ ਦੇਸ਼ਾਂ ਵਿੱਚ ਕੰਮ ਕਰਨ ਤੋਂ ਬਾਅਦ 1997 ਵਿੱਚ ਕੈਨੇਡਾ ਆ ਬੱਸੇ।

ਬਰੈਂਪਟਨ ਵਿੱਚ ਆ ਕੇ ਉਸਨੇ ਫੈਕਟਰੀ ਵਿੱਚ ਕੰਮ ਕਰਦੇ ਹੋਏ ਆਪਣੇ ਪਰਿਵਾਰ ਨੂੰ ਵੀ ਇੱਥੇ ਬੁਲਾਇਆ। ਹੈਰਾਨੀ ਦੀ ਗੱਲ ਹੈ ਕਿ ਲਗਭਗ 70 ਸਾਲ ਦੀ ਉਮਰ ਵਿੱਚ ਵੀ ਉਹ ਫੈਕਟਰੀ ਵਿੱਚ ਕੰਮ ਕਰਦੇ ਹੋਏ ਆਪਣੀ ਫਿਟਨੈੱਸ ਬਰਕਰਾਰ ਰੱਖਦਾ ਹੈ ਅਤੇ ਮੈਰਾਥਨ ਦੌੜਾਂ ਵਿੱਚ ਭਾਗ ਲੈਂਦਾ ਹੈ।

ਧਿਆਨ ਸਿੰਘ ਸੋਹਲ ਹਰ ਰੋਜ਼ ਸਵੇਰੇ ਜਲਦੀ ਉੱਠ ਕੇ ਸੈਰ ਅਤੇ ਦੌੜ ਦਾ ਅਭਿਆਸ ਕਰਦਾ ਹੈ। ਉਹ ਸ਼ਾਕਾਹਾਰੀ ਜੀਵਨ ਸ਼ੈਲੀ ਅਪਣਾਉਂਦਾ ਹੈ ਅਤੇ ਆਪਣੀ ਸਫਲਤਾ ਦਾ ਸਿਹਰਾ ਆਪਣੇ ਪਰਿਵਾਰ, ਸਾਥੀਆਂ ਅਤੇ ਕੋਚ ਨੂੰ ਦਿੰਦਾ ਹੈ।

ਉਸਦਾ ਕਹਿਣਾ ਹੈ ਕਿ ਜੀਵਨ ਵਿੱਚ ਸਖ਼ਤ ਮਿਹਨਤ, ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ। ਨੌਜਵਾਨਾਂ ਲਈ ਉਸਦਾ ਸੰਦੇਸ਼ ਹੈ ਕਿ ਉਹ ਆਪਣੇ ਆਚਰਨ ਨੂੰ ਉੱਚਾ ਰੱਖਣ ਅਤੇ ਮਿਹਨਤ ਨਾਲ ਅੱਗੇ ਵਧਣ ਦੀ ਕੋਸ਼ਿਸ਼ ਕਰਨ।