NDP ਲੀਡਰ ਨੇ ਸਟੂਡੈਂਟਸ ਲਈ ਰਿਹਾਇਸ਼ ਦੀ ਸਮੱਸਿਆ ਦੇ ਹੱਲ ਲਈ ਪਾਰਟੀ ਯੋਜਨਾ ਦਾ ਕੀਤਾ ਐਲਾਨ
ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸਟੂਡੈਂਟਸ ਲਈ ਰਿਹਾਇਸ਼ ਦੀ ਘਾਟ ਦੀ ਸਮੱਸਿਆ ਦੇ ਹੱਲ ਲਈ ਪਾਰਟੀ ਦੀ ਯੋਜਨਾ ਦਾ ਐਲਾਨ ਕੀਤਾ। ਪਾਰਟੀ ਦੀ ਮੰਗ ਹੈ ਕਿ ਫ਼ੈਡਰਲ ਸਰਕਾਰ ਉਹਨਾਂ ਵਿੱਦਿਅਕ ਅਦਾਰਿਆਂ ਨੂੰ ਸਟਡੀ ਪਰਮਿਟ ਅਲਾਟ ਕਰੇ ਜਿਨ੍ਹਾਂ ਕੋਲ ਵਿਦਿਆਰਥੀਆਂ ਦੀ ਰਿਹਾਇਸ਼ ਬਾਬਤ ਭਰੋਸੇਯੋਗ ਅਤੇ ਕਿਫ਼ਾਇਤੀ ਪਲਾਨ ਹੋਵੇ। ਇਹ ਪ੍ਰਸਤਾਵ ਅਜਿਹੇ ਸਮੇਂ ਆਇਆ ਹੈ ਜਦੋਂ ਕੈਨੇਡਾ ਵਿਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਗਿਣਤੀ ਨਾਲ ਹਾਊਸਿੰਗ ਦੀ ਘਾਟ ‘ਤੇ ਹੋਰ ਦਬਾਅ ਪੈ ਰਿਹੈ।
ਜਗਮੀਤ ਸਿੰਘ ਨੇ ਕਿਹਾ ਕਿ ਕੁਝ ਮਕਾਨਮਾਲਕ ਵਿਦਿਆਰਥੀਆਂ ਤੋਂ ਪੂਰੇ ਸਾਲ ਦਾ ਅਡਵਾਂਸ ਕਿਰਾਇਆ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕਿਹੜੇ ਵਿਦਿਆਰਥੀਆਂ ਕੋਲ ਇੰਨੀ ਰਕਮ ਮੌਜੂਦ ਪਈ ਹੁੰਦੀ ਹੈ। ਇਹ ਅਸੰਭਵ ਹੈ। ਜਗਮੀਤ ਸਿੰਘ ਨੇ ਫ਼ੈਡਰਲ ਸਰਕਾਰ ਨੂੰ ਵਧੇਰੇ ਸਟੂਡੈਂਟ ਹਾਊਸਿੰਗ ਨਿਰਮਾਣ ਲਈ ਇੱਕ ਫ਼ੰਡਿੰਗ ਮਾਡਲ ਸਥਾਪਤ ਕਰਨ ਦੀ ਮੰਗ ਕੀਤੀ ਹੈ, ਜਿਸ ਵਿੱਚ ਫ਼ੈਡਰਲ ਸਰਕਾਰ, ਸੂਬੇ, ਪ੍ਰਦੇਸ਼ ਅਤੇ ਪੋਸਟ-ਸੈਕੰਡਰੀ ਸੰਸਥਾਵਾਂ ਬਰਾਬਰ ਹਿੱਸੇ ਵਿੱਚ ਯੋਗਦਾਨ ਪਾਉਣ।
ਐਨਡੀਪੀ ਲੀਡਰ ਨੇ ਕਿਹਾ ਕਿ ਕੈਨੇਡਾ ਸਰਕਾਰ ਨੂੰ ਖ਼ਾਲੀ ਦਫਤਰੀ ਥਾਵਾਂ ਨੂੰ ਰਿਹਾਇਸ਼ੀ ਵਰਤੋਂ ਵਿਚ ਬਦਲਣ ਵਿੱਚ ਮਦਦ ਕਰਨ ਲਈ ਪਾਰਟਰਨਸ਼ਿਪ ਕਰਨੀ ਚਾਹੀਦੀ ਹੈ, ਜਿਸ ਵਿੱਚ ਡੌਰਮੈਟਰੀ ਕਿਸਮ ਦੀ ਸਟੂਡੈਂਟ ਹਾਊਸਿੰਗ ਵੀ ਸ਼ਾਮਲ ਹੈ। ਜਗਮੀਤ ਨੇ ਟੋਰੌਂਟੋ ਦੇ ਇੱਕ ਪ੍ਰੋਜੈਕਟ ਦਾ ਜ਼ਿਕਰ ਕੀਤਾ ਜੋ ਇੱਕ ਨੌਟ-ਫ਼ੌਰ-ਪ੍ਰੌਫ਼ਿਟ ਅਤੇ ਕਾਰੋਬਾਰਾਂ ਵਿਚਕਾਰ ਇੱਕ ਪਾਰਟਰਸ਼ਿਪ ਸੀ, ਜਿਸ ਵਿੱਚ 500 ਤੋਂ ਵੱਧ ਵਿਦਿਆਰਥੀ ਬੇਹੱਦ ਸਸਤੇ ਕਿਰਾਏ ਵਿਚ ਰਹਿ ਸਕਣਗੇ।
ਦ ਕੈਨੇਡੀਅਨ ਪ੍ਰੈ੍ਸ