GTA News Media

Top Info Bar
22.1°C Toronto Loading date...
Canada

ਮੁੱਖ-ਬੁਲਾਰੇ ਮੋਹਾਲੀ ਤੋਂ ਡਾ. ਸਰਬਜੀਤ ਕੌਰ ਸੋਹਲ ਸਨ ਤੇ ਫਿਰ ਹੋਇਆ ਅੰਤਰਰਾਸ਼ਟਰੀ ਕਵੀ-ਦਰਬਾਰ |

ਮੁੱਖ-ਬੁਲਾਰੇ ਮੋਹਾਲੀ ਤੋਂ ਡਾ. ਸਰਬਜੀਤ ਕੌਰ ਸੋਹਲ ਸਨ ਤੇ ਫਿਰ ਹੋਇਆ ਅੰਤਰਰਾਸ਼ਟਰੀ ਕਵੀ-ਦਰਬਾਰ |
Share this post via:

ਬਰੈਂਪਟਨ, (ਡਾ. ਝੰਡ) – ਕੈਨੇਡਾ ਦੇ ਪੂਰਬੀ ਭਾਗ ਦੇ ਜੀ.ਟੀ.ਏ. ਖਿੱਤੇ ਵਿੱਚ ਅੱਜਕੱਲ੍ਹ ਬਰਫ਼ਬਾਰੀ ਦਾ ਦੌਰ ਚੱਲ ਰਿਹਾ ਹੈ ਜਿਸ
ਕਰਕੇ ਠੰਢ ਕਾਫ਼ੀ ਹੋ ਗਈ ਹੈ। ਮੌਸਮ ਦੇ ਇਸ ਸਖ਼ਤ ਮਿਜਾਜ਼ ਨੂੰ ਮੁੱਖ ਰੱਖਦਿਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਦੀ
ਪ੍ਰਬੰਧਕੀ ਟੀਮ ਵੱਲੋਂ ਸਰਦੀ ਦੇ ਇਨ੍ਹਾਂ 3-4 ਮਹੀਨਿਆਂ ਵਿੱਚ ਆਪਣੇ ਮਹੀਨਾਵਾਰ ਸਮਾਗਮ ਜ਼ੂਮ-ਮਾਧਿਅਮ ਰਾਹੀਂ ਕਰਵਾਉਣ ਦਾ
ਫ਼ੈਸਲਾ ਕੀਤਾ ਗਿਆ ਹੈ। ਇਸ ਲਈ ਇਸ ਮਹੀਨੇ ਦਾ ਸਮਾਗਮ ਲੰਘੇ ਐਤਵਾਰ 21 ਦਸੰਬਰ ਨੂੰ ਇਸ ਤਕਨੀਕੀ ਮਾਧਿਅਮ ਦੀ
ਵਰਤੋਂ ਕਰਦਿਆਂ ਕਰਵਾਇਆ ਗਿਆ ਅਤੇ ਭਾਰਤ, ਪਾਕਿਸਤਾਨ, ਇੰਗਲੈਂਡ,ਅਮਰੀਕਾ ਅਤੇ ਕੈਨੇਡਾ ਦੇ ਹੋਰ ਵਿੱਚ ਸ਼ਹਿਰਾਂ ਵਿੱਚ
ਵੱਸਦੇ ਕਈ ਵਿਅੱਕਤੀ ਸਮਾਗਮ ‘ਚ ਸ਼ਾਮਲ ਹੋਏ।
ਸਭਾ ਦੇ ਤਕਨੀਕੀ ਮੈਂਬਰ ਡਾ. ਜਗਮੋਹਨ ਸੰਘਾ ਦੇ ਇਹਨੀਂ ਪੰਜਾਬ ਹੋਣ ਕਰਕੇ ਉਨ੍ਹਾਂ ਵੱਲੋਂ ਚੰਡੀਗੜ੍ਹ ਤੋਂ ਮੈਂਬਰਾਂ ਤੇ ਮਹਿਮਾਨਾਂ ਨੂੰ ਨਾਲ
ਜੋੜਦੇ ਹੋਏ ਪ੍ਰੋਗਰਾਮ ਦੀ ਸ਼ੁਰੂਆਤ ਕਰਦਿਆਂ ਸਮਾਗਮ ਦੇ ਮੁੱਖ -ਬੁਲਾਰੇ ਡਾ. ਸਰਬਜੀਤ ਕੌਰ ਬਾਰੇ ਸੰਖੇਪ ਜਾਣ-ਪਛਾਣ ਕਰਵਾਉਣ
ਤੋਂ ਬਾਅਦ ਸਭਾ ਦੇ ਚੇਅਰਪਰਸਨ ਕਰਨ ਅਜਾਇਬ ਸਿੰਘ ਸੰਘਾ ਨੂੰ ਸੁਆਗ਼ਤੀ ਸ਼ਬਦ ਕਹਿਣ ਲਈ ਬੇਨਤੀ ਕੀਤੀ ਗਈ, ਜਿਨ੍ਹਾਂ ਨੇ
ਬੜੇ ਭਾਵਪੂਰਤ ਸ਼ਬਦਾਂ ਵਿੱਚ ਸਮਾਗਮ ਵਿੱਚ ਸ਼ਾਮਲ ਵਿਅੱਕਤੀਆਂ ਨੂੰ ਜੀ-ਆਇਆਂ ਕਿਹਾ। ਉਪਰੰਤ, ਡਾ. ਸਰਬਜੀਤ ਸੋਹਲ ਨੇ
ਆਪਣੇ ਬਾਰੇ ਗੱਲ ਕਰਦਿਆਂ ਕਿਹਾ ਕਿ ਬੀ.ਐੱਸ.ਸੀ. ਤੋਂ ਬਾਅਦ ਉਨ੍ਹਾਂ ਨੇ ਪੰਜਾਬੀ ਵਿੱਚ ਐੱਮ.ਏ. ਕੀਤੀ ਅਤੇ ਫਿਰ ਡਾ. ਹਰਿਭਜਨ
ਸਿੰਘ ਦੀ ਕਵਿਤਾ ਦੇ ਰੂਪਾਕਾਰ’ ਵਿਸ਼ੇ ਉੱਪਰ ਪੀਐੱਚ.ਡੀ. ਕਰਨ ਪਿੱਛੋਂ ਕਾਲਜ ਵਿੱਚ ਪੰਜਾਬੀ ਦੇ ਪ੍ਰੋਫ਼ੈਸਰ ਲੱਗ ਗਏ। ਉਨ੍ਹਾਂ ਕਿਹਾ
ਕਿ ਪੰਜਾਬੀ ਸਾਹਿਤ ਪੜ੍ਹਨ ਦਾ ਸ਼ੌਕ ਉਨ੍ਹਾਂ ਨੂੰ ਬਚਪਨ ਤੋਂ ਹੀ ਸੀ ਅਤੇ ਇਸੇ ਕਾਰਨ ਵਿਗਿਆਨ ਵਿੱਚ ਗਰੈਜੂਏਸ਼ਨ ਤੋਂ ਬਾਅਦ ਉਨ੍ਹਾਂ
ਦਾ ਰੁਝਾਨ ਪੰਜਾਬੀ ਦੀ ਐੱਮ.ਏ. ਕਰਨ ਵੱਲ ਹੋਇਆ।
ਆਪਣੇ ਸਾਹਿਤਕ ਸਫ਼ਰ ਬਾਰੇ ਦੱਸਦਿਆਂ ਉਨ੍ਹਾਂ ਕਿਹਾ ਕਿ ਕਵਿਤਾ ਲਿਖਣ ਦੀ ਜਾਗ ਉਨ੍ਹਾਂ ਨੂੰ ਡਾ. ਹਰਿਭਜਨ ਸਿੰਘ ਦੀਆਂ
ਕਵਿਤਾਵਾਂ ਦੇ ਵੱਖ-ਵੱਖ ਪੱਖਾਂ ਬਾਰੇ ਖੋਜ ਕਰਨ ਦੌਰਾਨ ਲੱਗੀ। ਉਨ੍ਹਾਂ ਕਿਹਾ ਕਿ ਉਹ ਆਮ ਤੌਰ ‘ਤੇ ਨਿੱਕੀ ਕਵਿਤਾ ਲਿਖਦੇ ਹਨ ਅਤੇ
ਹੁਣ ਤੀਕ ਉਨ੍ਹਾਂ ਦੀਆਂ ਕਵਿਤਾਵਾਂ ਦੀਆਂ 12 ਪੁਸਤਕਾਂ ਛਪ ਚੁੱਕੀਆਂ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸਮਾਜ ਵਿੱਚ ਅੱਜਕੱਲ੍ਹ ਹੋ
ਰਹੇ ਹਿੰਸਾਤਮਿਕ ਜੁਰਮਾਂ ਬਾਰੇ ਕਈ ਕਹਾਣੀਆਂ ਲਿਖੀਆਂ ਹਨ ਅਤੇ ਇਨ੍ਹਾਂ ਵਿੱਚ ਸੁਪਨਿਆਂ ਦਾ ਜ਼ਿਕਰ ਅਕਸਰ ਆ ਜਾਂਦਾ ਹੈ। ਉਨ੍ਹਾਂ
ਦੱਸਿਆ ਕਿ ਉਹ ਕੈਨੇਡਾ, ਮੈਕਸੀਕੋ, ਫਿਨਲੈਂਡ, ਜਰਮਨੀ, ਆਦਿ ਦੇਸ਼ਾਂ ਵਿੱਚ ਜਾ ਕੇ ਆਏ ਹਨ ਅਤੇ ਕੈਨੇਡਾ ਦੀ ਬਰਫ਼ ਉਨ੍ਹਾਂ
ਨੂੰ ਬੜੀ ਚੰਗੀ ਲੱਗਦੀ ਹੈ, ਕਿਉਂਕਿ ਉਹ ਕੁਦਰਤ ਨੂੰ ਬਹੁਤ ਪਿਆਰ ਕਰਦੇ ਹਨ ਅਤੇ ਇਹ ਬਹੁਤ ਹੀ ਖ਼ੂਬਸੂਰਤ ਕੁਦਰਤੀ ਵਰਤਾਰਾ
ਹੈ। ਇਸ ਦੌਰਾਨ ਉਨ੍ਹਾਂ ਇਹ ਵੀ ਦੱਸਿਆ ਕਿ ਉਨ੍ਹਾਂ ਦੀਆਂ ਕਈ ਕਿਤਾਬਾਂ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵੱਖ-ਵੱਖ ਸਿਲੇਬਸਾਂ
ਵਿੱਚ ਲੱਗੀਆਂ ਹੋਈਆਂ ਹਨ।


ਉਪਰੰਤ, ਡਾ. ਜਗਮੋਹਨ ਸਿੰਘ ਸੰਘਾ, ਡਾ. ਸੁਖਦੇਵ ਸਿੰਘ ਝੰਡ, ਮਲੂਕ ਸਿੰਘ ਕਾਹਲੋਂ, ਬਲਰਾਜ ਚੀਮਾ, ਰਾਜਕੁਮਾਰ ਓਸ਼ੋਰਾਜ,
ਸਤਬੀਰ ਸਿੰਘ, ਮਾਂਟਰੀਆਲ ਤੋਂ ਗੁਰਿੰਦਰਜੀਤ ਤੇ ਅੰਮ੍ਰਿਤਸਰ ਤੋਂ ਸਤਬੀਰ ਸਿੰਘ ਵੱਲੋਂ ਉਨ੍ਹਾਂ ਨੂੰ ਕਈ ਸੁਆਲ ਕੀਤੇ ਗਏ ਜਿਨ੍ਹਾਂ ਦਾ
ਜੁਆਬ ਉਨ੍ਹਾਂ ਵੱਲੋਂ ਪੂਰੇ ਤਸੱਲੀਪੂਰਵਕ ਦਿੱਤੇ ਗਏ। ਸੁਆਲਾਂ-ਜੁਆਬਾਂ ਦੇ ਇਸ ਸੈਸ਼ਨ ਵਿੱਚ ਅੱਜਕੱਲ੍ਹ ਬੱਚਿਆਂ ਵਿੱਚ ਕਿਤਾਬਾਂ ਘੱਟ
ਪੜ੍ਹਨ ਦੀ ਰੁਚੀ, ਉਨ੍ਹਾਂ ਵੱਲੋਂ ਮਾਤ-ਭਾਸ਼ਾ ਪੰਜਾਬੀ ਵਿੱਚ ਗੱਲਬਾਤ ਨਾ ਕਰਨ, ਧਰਮ ਤੇ ਸਾਹਿਤ, ਪੁਰਾਣੇ ਸੰਸਕਾਰਾਂ ਨੂੰ ਅੱਗੇ ਲਿਜਾਣ

ਦੀ ਲੋੜ, ਸ਼ਹੀਦੀ ਪਰੰਪਰਾ, ਸਰਕਾਰਾਂ ਦੀ ਮਾਤ-ਭਾਸ਼ਾ ਤੇ ਖੇਤਰੀ ਭਾਸ਼ਾਵਾਂ ਸਬੰਧੀ ਬੇਰੁਖ਼ੀ, ਲੇਖਕਾਂ ਦਾ ਸਰਕਾਰਾਂ ਨਾਲ ਤਾਲਮੇਲ,
ਆਦਿ ਵਿਸ਼ੇ ਸ਼ਾਮਲ ਸਨ।
ਸਮਾਗਮ ਦੇ ਦੂਸਰੇ ਸੈਸ਼ਨ ਵਿੱਚ ਅੰਤਰਰਾਸ਼ਟਰੀ ਕਵੀ-ਦਰਬਾਰ ਹੋਇਆ ਜਿਸ ਵਿੱਚ ਭਾਰਤ, ਪਾਕਿਸਤਾਨ, ਇੰਗਲੈਂਡ, ਅਮਰੀਕਾ
ਅਤੇ ਕੈਨੇਡਾ ਦੇ ਕਈ ਸ਼ਹਿਰਾਂ ਤੋਂ ਕਵੀ ਤੇ ਕਵਿੱਤਰੀਆਂ ਸ਼ਾਮਲ ਹੋਏ। ਦੂਸਰੇ ਦੇਸ਼ਾਂ ਦੇ ਵੱਖ-ਵੱਖ ਸਮੇਂ ਨੂੰ ਮੁੱਖ ਰੱਖਦਿਆਂ ਹੋਇਆਂ ਮੰਚ-
ਸੰਚਾਲਕ ਤਲਵਿੰਦਰ ਮੰਡ ਵੱਲੋਂ ਇਨ੍ਹਾਂ ਦੇਸ਼ਾਂ ਦੇ ਕਵੀਆਂ/ਕਵਿੱਤਰੀਆਂ ਨੂੰ ਪਹਿਲ ਦੇ ਆਧਾਰ ‘ਤੇ ਆਪਣੀਆਂ ਰਚਨਾਵਾਂ ਪੇਸ਼ ਕਰਨ
ਲਈ ਕਿਹਾ ਗਿਆ। ਸੱਭ ਤੋਂ ਪਹਿਲਾਂ ਲਾਹੌਰ ਤੋਂ ਜੁੜੇ ਪ੍ਰੋ. ਆਸ਼ਿਕ ਰਹੀਲ ਹੁਰਾਂ ਆਪਣੀ ਗ਼ਜ਼ਲ ਸੁਣਾਈ ਤੇ ਫਿਰ ਪੰਜਾਬ ਦੇ ਸ਼ਹਿਰ
ਤਰਨਤਾਰਨ ਤੋਂ ਪਰਮਜੀਤ ਕੌਰ ਜੈਸਵਾਲ ਵੱਲੋਂ ਸੁਰੀਲੀ ਆਵਾਜ਼ ਵਿੱਚ ਗੀਤ ਪੇਸ਼ ਕੀਤਾ ਗਿਆ। ਇਸ ਸਿਲਸਿਲੇ ਨੂੰ ਅੱਗੇ ਤੋਰਦਿਆਂ
ਇੰਗਲੈਂਡ ਤੋਂ ਪਵਨ ਪਰਿੰਦਾ, ਅਮਰੀਕਾ ਤੋਂ ਲਿਲੀ ਸਵਰਨ, ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੇ ਪਿੰਡਾਂ ਤੋਂ ਜੁੜੇ ਸੁਰਿੰਦਰ ਸਿੰਘ,
ਅਮਰਜੀਤ ਸਿੰਘ ਜੀਤ, ਡਾ. ਅਮਰਜੋਤੀ ਮਾਂਗਟ, ਵਰਿੰਦਰ ਸਿੰਘ, ਗੁਰਚਰਨ ਸਿੰਘ ਜੋਗੀ, ਮਾਂਟਰੀਆਲ ਤੋਂ ਮਨਜੀਤ ਸਿੰਘ
‘ਚਾਤ੍ਰਿਕ’, ਔਟਵਾ ਤੋਂ ਲਖਬੀਰ ਸਿੰਘ ਕਾਹਲੋਂ ਵੱਲੋਂ ਆਪਣੀਆਂ ਕਵਿਤਾਵਾਂ ਤੇ ਗੀਤ ਪੇਸ਼ ਕੀਤੇ ਗਏ।
ਫਿਰ ਵਾਰੀ ਆਈ ਸਥਾਨਕ ਕਵੀਆਂ/ਕਵਿੱਤਰੀਆਂ ਦੀ, ਜਿਨ੍ਹਾਂ ਨੂੰ ਮੰਚ-ਸੰਚਾਲਕ ਵੱਲੋਂ ਤਰਤੀਬ ਦਿੰਦਿਆਂ ਹੋਇਆਂ ਮੰਚ-ਸੰਚਾਲਕ
ਵੱਲੋਂ ਕ੍ਰਮਵਾਰ ਕਰਨ ਅਜਾਇਬ ਸਿੰਘ ਸੰਘਾ, ਹਰਭਜਨ ਕੌਰ ਗਿੱਲ, ਜੱਸੀ ਭੁੱਲਰ, ਮਲੂਕ ਸਿੰਘ ਕਾਹਲੋਂ, ਸੁਖਦੇਵ ਸਿੰਘ ਝੰਡ,
ਰਾਜਕੁਮਾਰ ਓਸ਼ੋਰਾਜ, ਜਗਮੋਹਨ ਸੰਘਾ ਨੂੰ ਪੇਸ਼ ਕੀਤਾ ਗਿਆ। ਸਰੋਤਿਆਂ ਦੀ ਫ਼ਰਮਾਇਸ਼ ‘ਤੇ ਤਲਵਿੰਦਰ ਮੰਡ ਨੇ ਵੀ ਗ਼ਜ਼ਲ ਦੇ ਕੁਝ
ਸ਼ਿਅਰ ਉਨ੍ਹਾਂ ਨਾਲ ਸਾਂਝੇ ਕੀਤੇ। ਇਸ ਤੋਂ ਇਲਾਵਾ ਮੰਚ-ਸੰਚਾਲਕ ਵੱਲੋਂ ਬਾਹਰਲੇ ਕਈ ਕਵੀਆਂ/ਕਵਿੱਤਰੀਆਂ ਨੂੰ ਆਪਣੀ ਇੱਕ-ਇੱਕ
ਕਵਿਤਾ/ਗੀਤ ਹੋਰ ਸੁਨਾਉਣ ਦਾ ਵੀ ਮੌਕਾ ਦਿੱਤਾ ਗਿਆ।
ਸਮਾਗਮ ਦੇ ਅਖ਼ੀਰ ‘ਚ ਸਭਾ ਦੇ ਸਰਪ੍ਰਸਤ ਬਲਰਾਜ ਚੀਮਾ ਵੱਲੋਂ ਸਮੁੱਚੇ ਪ੍ਰੋਗਰਾਮ ਨੂੰ ਬੜੇ ਢੁਕਵੇਂ ਸ਼ਬਦਾਂ ‘ਚ ਸੰਕੋਚਿਆ ਗਿਆ ਅਤੇ
ਨਾਲ ਹੀ ਸਮੂਹ ਬੁਲਾਰਿਆਂ ਦਾ ਧੰਨਵਾਦ ਕੀਤਾ ਗਿਆ। ਇਸ ਦੌਰਾਨ ਦੂਸਰੇ ਦੇਸ਼ਾਂ ਤੋਂ ਜੁੜੇ ਕਵੀਆਂ/ਕਵਿਤਰੀਆਂ ਦਾ ਉਨ੍ਹਾਂ ਵੱਲੋਂ
ਵਿਸ਼ੇਸ਼ ਧੰਨਵਾਦ ਕੀਤਾ ਗਿਆ। ਉਨ੍ਹਾਂ ਨੂੰ ਇਸ ਸਮਾਗ਼ਮ ਨਾਲ ਜੋੜਨ ਲਈ ਸਭਾ ਦੀ ਕਾਰਜਕਾਰਨੀ ਦੀ ਮੈਂਬਰ ਰਮਿੰਦਰ ਵਾਲੀਆ
ਤੇ ਕਈ ਹੋਰਨਾਂ ਵੱਲੋਂ ਵਿਸ਼ੇਸ਼ ਯਤਨ ਕੀਤੇ ਗਏ। ਰਮਿੰਦਰ ਵਾਲੀਆ ਸਮਾਗਮ ਵਿੱਚ ਸਾਰਾ ਸਮਾਂ ਹਾਜ਼ਰ ਰਹੇ ਪਰ ਆਪਣੀ ਕੋਈ
ਕਵਿਤਾ ਸੁਨਾਉਣ ਤੋਂ ਪਾਸਾ ਵੱਟ ਗਏ। ਇਸੇ ਦੌਰਾਨ ਕੁਝ ਸਮੇਂ ਲਈ ਲਾਹੌਰ ਤੋਂ ਅਹਿਮਦ ਰਜ਼ਾ ਪੰਜਾਬੀ ਜੋ ਲਹਿੰਦੇ ਪੰਜਾਬ ਵਿੱਚ
ਸਕੂਲਾਂ ਵਿੱਚ ਪੰਜਾਬੀ ਭਾਸ਼ਾ ਨੂੰ ਲਾਗੂ ਕਰਨ ਅਤੇ ਇਸ ਨੂੰ ਲਹਿੰਦੇ ਪੰਜਾਬ ਵਿੱਚ ਉਚਿਤ ਸਥਾਨ ਦੇਣ ਲਈ ਆਪਣੇ ਸਾਥੀਆਂ ਨਾਲ
ਮਿਲ਼ ਕੇ ਬਾਖ਼ੂਬੀ ਕੰਮ ਕਰ ਰਹੇ ਹਨ, ਸਭਾ ਦੀ ਕਾਰਜਕਾਰਨੀ ਦੇ ਮੈਂਬਰ ਪਰਮਜੀਤ ਸਿੰਘ ਢਿੱਲੋਂ ਤੇ ਸੁਰਿੰਦਰਜੀਤ ਕੌਰ, ਡਾ. ਕ੍ਰਿਸ਼ਨ
ਚੰਦਰ, ਸੁਰਜੀਤ ਕੌਰ, ਰਿੰਟੂ ਭਾਟੀਆ ਤੇ ਕਈ ਹੋਰ ਵਿਸ਼ੇਸ਼ ਤੌਰ ‘ਤੇ ਸਮਾਗਮ ਵਿੱਚ ਸ਼ਾਮਲ ਹੋਏ।